ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਨੇ ਸੌਦਾ ਸਾਧ ਦਾ 2007 ਗੁਰੂ ਗੋਬਿੰਦ ਸਿੰਘ ਸਵਾਂਗ ਕੇਸ ਮੁੜ ਖੋਲਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਖੀ ਚਿੱਠੀ |

ਫਗਵਾੜਾ, 12 ਨਵੰਬਰ – ਅਲਾਇੰਸ ਆਫ ਸਿੱਖ ਆਰਗਨਾਈਜੇਸ਼ਨ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਮਈ 2007 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਸਵਾਂਗ ਸੰਬੰਧੀ ਕੇਸ ਨੂੰ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸੌਦਾ ਸਾਧ ਵਲੋਂ ਮਈ 2007 ਵਿਚ ਆਪਣੇ ਸਲਾਬਤਪੁਰਾ, ਜ਼ਿਲਾ ਬਠਿੰਡਾ, ਵਿਚਲੇ ਡੇਰੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ ਜਿਸ ਕਾਰਨ ਸਮੂਹ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ। ਗੁਰਮੀਤ ਰਾਮ ਰਹੀਮ ਦੇ ਖਿਲਾਫ 20 ਮਈ 2007 ਵਿਚ ਥਾਣਾ ਕੋਤਵਾਲੀ ਵਿਚ FIR ਨੰਬਰ 262 IPC ਦੀ ਧਾਰਾ 153 A ਅਤੇ 295 A ਅਧੀਨ ਪਰਚਾ ਦਰਜ ਕੀਤਾ ਗਿਆ ਸੀ । ਇਸ ਕੇਸ ਵਿਚ ਆਈ ਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਤੇ ਅਖੌਤੀ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਿਸ ਨੇ ਕਦੇ ਸਾਧ ਦੇ ਖਿਲਾਫ ਅਦਾਲਤ ਵਿਚ ਚਲਾਣ ਹੀ ਪੇਸ਼ ਨਹੀਂ ਕੀਤਾ । ਅਸਲ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗਾ ਘੋਰ ਪਾਪ ਕਰਨ ਦੀ ਹਿਮਾਕਤ ਸੌਦੇ ਸਾਧ ਅਤੇ ਇਸ ਦੇ ਚੇਲਿਆਂ ਨੇ ਤਾਂ ਹੀ ਕਰਨ ਦੀ ਜ਼ੁਅਰਤ ਕੀਤੀ ਕਿਉਂਕਿ ਉਸਨੂੰ ਮਈ 2007 ਵਾਲੇ ਕੇਸ ਵਿਚ ਬਾਦਲ ਸਰਕਾਰ ਨੇ ਸ਼ਰੇਆਮ ਬਚਾਅ ਲਿਆ ਸੀ । ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚੋਂ ਸੌਦਾ ਸਾਧ ਨੂੰ ਬਾਦਲਾਂ ਨੇ 2007 ਤੋਂ 2014 ਤਕ ਲਗਾਤਾਰ ਬਚਾਇਆ ਜਿਸ ਤੋਂ ਬਾਅਦ ਠੀਕ ਇੱਕ ਸਾਲ ਬਾਅਦ 2015 ਵਿੱਚ ਉਸੇ ਦੋਸ਼ੀ ਸੌਦਾ ਸਾਧ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ, ਜਿਸ ਲਈ ਉਸ ਨੂੰ ਲਗਾਤਾਰ 7 ਸਾਲ ਪਹਿਲਾਂ ਅਤੇ ਬੇਅਦਬੀ ਹੋਣ ਤੋਂ ਬਾਅਦ ਹੁਣ ਤਕ ਰਾਜਨੀਤਕ ਤੌਰ ਤੇ ਸ਼ਹਿ ਦੇਣ ਵਾਲੇ ਵੀ ਬਰਾਬਰ ਦੇ ਜ਼ਿੰਮੇਵਾਰ ਹਨ । ਇਸ ਕੇਸ ਨੂੰ ਰੀ ਓਪਨ ਕਰਨ ਅਤੇ ਇਸ ਦੇ ਖਾਰਜ ਹੋਣ ਦਾ ਸੱਚ ਬਾਹਰ ਲਿਆਉਣ ਲਈ ਅਸੀਂ ਇਸ ਤੋਂ ਪਹਿਲਾਂ 29/01/2019 ਅਤੇ 16/07/2020 ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰ ਚਿੱਠੀ ਲਿਖ ਚੁੱਕੇ ਹਾਂ, ਪਰ ਪਤਾ ਨਹੀਂ ਕਿਨਾਂ ਸਿਆਸੀ ਮਜ਼ਬੂਰੀਆਂ ਕਰਕੇ ਉਨ੍ਹਾਂ ਇਸ ਕੇਸ ਵਿੱਚ ਇਨਸਾਫ਼ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ।ਅਸੀਂ ਬਰਗਾੜੀ ,ਬਹਿਬਲ ਕਲਾਂ, ਕੋਟਕਪੂਰਾ , ਨਕੋਦਰ ਗੋਲੀ ਕਾਂਡ (1986) , ਮੌੜ ਬੰਬ ਧਮਾਕੇ ਅਤੇ ਇਸੇ ਕੇਸ ਪ੍ਰਤੀ ਤੁਹਾਡਾ ਪੱਖ ਜਾਣਨ ਤੇ ਸਵਾਲ ਕਰਨ ਲਈ 22/12/2019 ਨੂੰ ਤੁਹਾਡੇ ਖਰੜ ਵਿਖੇ ਘਰ ਦੇ ਬਾਹਰ ਰੋਸ ਵਜੋਂ ਧਰਨਾ ਵੀ ਦੇ ਚੁੱਕੇ ਹਾਂ ਪਰ ਆਪ ਜੀ ਨੇ ਉਸ ਦਿਨ ਸੰਗਤ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸੀ ਸਮਝਿਆ ।ਪਰ ਤੁਹਾਡੇ ਕਲ ਦੇ ਤਾਜ਼ਾ ਬਿਆਨਾਂ ਮੁਤਾਬਿਕ ਤੁਸੀਂ ਉਸ ਵਕਤ ਇੰਨਾਂ ਕੇਸਾਂ ਵਿੱਚ ਇਨਸਾਫ਼ ਨਾ ਹੋਣ ਕਾਰਨ ਚਿੰਤਤ ਸੀ ਤੇ ਤੁਸੀਂ ਹੁਣ ਮੁੱਖ ਮੰਤਰੀ ਬਨਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜਾ ਕੇ ਵੀ ਇਨਸਾਫ਼ ਕਰਨ ਦੀ ਗੱਲ ਦੁਹਰਾਈ ਸੀ ਸੋ ਇਸ ਕੇਸ ਵਿੱਚ ਇਨਸਾਫ਼ ਕਰਕੇ ਤੁਸੀਂ ਆਪਣਾ ਸ੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਤੇ ਕਲ ਵਿਧਾਨ ਸਭਾ ਵਿੱਚ ਕੀਤਾ ਵਾਅਦਾ ਪੂਰਾ ਕਰ ਸਕਦੇ ਹੋ ।
ਇਸ ਕੇਸ ਬਾਰੇ ਹੇਠਾਂ ਕੁਝ ਤੱਥ ਦਿਤੇ ਜਾ ਰਹੇ ਨੇ :

  1. ਸ਼ੁਰੂ ਵਿੱਚ ਇਸੇ ਕੇਸ ਵਿਚ ਸੌਦੇ ਸਾਧ ਨੇ ਵੀ ਹਾਈ ਕੋਰਟ ਚ ਇਕ ਪਟੀਸ਼ਨ ਪਾਈ ਸੀ ਤੇ ਜਿਸ ਦੇ ਜੁਆਬ ਵਿਚ ਉਸ ਵੇਲੇ ਦੇ ਬਠਿੰਡੇ ਦੇ ਐੱਸ ਐੱਸ ਪੀ ਨੌਨਿਹਾਲ ਸਿੰਘ ਨੇ ਵੀ ਕੋਰਟ ‘ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ ਙ ਮਤਲਬ ਪੁਲਿਸ ਨੇ ਸਬੂਤ ਇਕੱਠੇ ਕਰ ਲਏ ਸਨ। ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਤੱਕ ਵੀ ਪੁਲਿਸ ਨੇ ਚਲਾਣ ਹੀ ਪੇਸ਼ ਨਹੀਂ ਕੀਤਾ ਤੇ ਉਲਟਾ ਫਰਵਰੀ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਬਠਿਡੇ ਦੀ ਅਦਾਲਤ ਚ ਕੈੰਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ ।
  2. ਪੁਲਿਸ ਨੇ ਅਦਾਲਤ ਵਿਚ ਕੇਸ ਵਿੱਚ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ , ਜੋ ਅਕਾਲੀ ਦਲ ਦਾ ਕੌਂਸਲਰ ਸੀ, ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕੇ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ। ਪੁਲਿਸ ਦਾ ਝੂਠ ਉਦੋਂ ਸਾਫ ਨੰਗਾ ਹੋ ਗਿਆ ਜਦੋਂ ਸ਼ਿਕਾਇਤ ਕਰਤਾ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਐਫੀਡੈਵਿਟ ਉੱਤੇ ਉਸ ਦੇ ਦਸਤਖਤ ਹੀ ਨਹੀਂ ਸੀ ।
  3. ਜ਼ਿਕਰਯੋਗ ਹੈ ਕਿ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਵਿੱਚ ਹੋਏ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ ।
    4.ਜੁਲਾਈ 2014 ਚ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ ਙ ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਇਸੇ ਅਧਾਰ ‘ਤੇ ਕੇਸ ਵਿਚੋਂ ਖਾਰਜ ਕਰ ਦਿੱਤਾ ।
  4. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੋਟਕਪੂਰਾ ਫਾਇਰਿੰਗ ਦੇ ਕੇਸ ਦੇ ਸੰਬੰਧ ਵਿੱਚ ਅਦਾਲਤ ਵਿਚ ਦਾਖਲ ਕੀਤੇ ਚਲਾਨ ਵਿੱਚ ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਹ ਕੇਸ 2012 ਦੀ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ 25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੁਲਿਸ ਵੱਲੋਂ ਕੈਂਸਲ ਕੀਤਾ ਗਿਆ ਸੀ ਤੇ ਇਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ ।ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਗੱਲ ਦੀ ਤਹਿ ਵਿਚ ਜਾਣ ਲਈ ਕਿ ਕਿਸ ਦੇ ਆਦੇਸ਼ਾਂ ਕਾਰਨ ਬਠਿੰਡਾ ਪੁਲਿਸ ਨੇ ਪਹਿਲਾਂ ਹੀ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਵਰਗੇ ਘਿਨਾਉਣੇ ਜੁਰਮਾਂ ਲਈ ਕੇਸ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਦਾਲਤ ਵਿਚ ਇਸ ਕੇਸ ਵਿਚ ਚਲਾਨ ਪੇਸ਼ ਨਹੀਂ ਕੀਤਾ, ਆਪ ਜੀ ਉੱਚ ਪੱਧਰੀ ਤੇ ਸਮਾਂ ਬੱਧ ਜਾਂਚ (15 ਦਿਨ) ਦੇ ਹੁਕਮ ਦਿਓ ਤੇ ਇਸ ਸੰਬੰਧੀ ਪੂਰੇ ਤੱਥ ਜਨਤਾ ਸਾਹਮਣੇ ਲਿਆਂਦੇ ਜਾਣ ਤੇ ਸਰਕਾਰ ਇੰਨ੍ਹਾਂ ਤੱਥਾਂ ਬਾਰੇ ਜਲਦੀ ਜਲਦੀ ਤੋਂ ਇੱਕ ਵਾਈਟ ਪੇਪਰ ਜਾਰੀ ਕਰੇ । ਇਸ ਜਾਂਚ ਦੇ ਘੇਰੇ ਵਿਚ ਪੁਲਿਸ ਦੇ ਉਨਾਂ ਅਧਿਕਾਰੀਆਂ ਜਿਨ੍ਹਾਂ ਕਨੂੰਨ ਦੇ ਉਲਟ ਕੰਮ ਕੀਤਾ ਤੇ ਇੱਕ ਅਪਰਾਧੀ ਦੇ ਹੱਕ ਵਿਚ ਕੰਮ ਕਰ ਕੇ ਸ਼ਰੇਆਮ ਉਸਨੂੰ ਬਚਾਇਆ , ਦੀ ਨਿਸ਼ਾਨਦੇਹੀ ਕਰ ਕੇ ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਜਾਂਚ ਵਿਚ ਇਹ ਵੀ ਸ਼ਪੱਸ਼ਟ ਕੀਤਾ ਜਾਵੇ ਕਿ ਇੱਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਉਸ ਵੇਲੇ ਦੀ ਸਰਕਾਰ ਚਲਾ ਰਹੇ ਕਿਸ-ਕਿਸ ਸਿਆਸਤਦਾਨ, ਖਾਸ ਕਰ ਕੇ ਮੁਖ ਮੰਤਰੀ ਤੇ ਗ੍ਰਹਿ ਮੰਤਰੀ, ਨੇ ਪੁਲਿਸ ਅਫਸਰਾਂ ਨੂੰ ਕੀ ਆਦੇਸ਼ ਦਿੱਤੇ ਤੇ ਉਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ । ਹੁਣ ਜਦ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਪੁਲਿਸ ਫਾਇਰਿੰਗ ਦੀ ਜਾਂਚ ਪੂਰੇ ਜ਼ੋਰ ਤੇ ਚੱਲ ਰਹੀ ਹੈ ਤੇ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਨੇ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਤਾਂ 2007 ਵਾਲੇ ਇਸ ਅਤਿ-ਸੰਵੇਦਨਸ਼ੀਲ ਕੇਸ ਨੂੰ ਉਸ ਵੇਲੇ ਦੀ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਖਤਮ ਕੀਤੇ ਜਾਣ ਬਾਰੇ ਪੂਰ ਸੱਚ ਬਾਹਰ ਆਉਣਾ ਚਾਹੀਦਾ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਕੇਸ ਦੀ ਜਾਂਚ ਦੁਬਾਰਾ ਕਰਵਾਉਣ ਸੰਬੰਧੀ ਆਦੇਸ਼ ਜਾਰੀ ਕਰੋ ਤਾਂ ਕਿ ਗੁਰਮੀਤ ਰਾਮ ਰਹੀਮ ਵਰਗੇ ਵੱਡੇ ਤੇ ਆਦਤਨ ਅਪਰਾਧੀ ਤੇ ਧਾਰਾ 295 A ਤੇ 153 A ਅਧੀਨ ਦਰਜ ਕੇਸ ਚਲਾਇਆ ਜਾ ਸਕੇ ਤੇ ਉਸਨੂੰ ਇਸ ਵਿਚ ਸਜ਼ਾ ਕਾਰਵਾਈ ਜਾ ਸਕੇ ।

Leave a Reply

Your email address will not be published. Required fields are marked *