ਗੁਰਾਇਆ, 9 ਦਸੰਬਰ (ਮਨੀਸ਼) – ਗੁਰਾਇਆ ਦੇ ਇੱਕ ਨਿਜੀ ਸਕੂਲ ਦੇ ਸਾਹਮਣੇ ਨੈਸ਼ਨਲ ਹਾਈਵੇ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਗੰਭੀਰ ਰੂਪ ਵਿਚ ਜਖਮੀਂ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ।ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਲੁਧਿਆਣਾ ਤੋਂ ਮਾਲ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਗੱਡੀ ਅੰਮ੍ਰਿਤਸਰ ਜਾ ਰਹੀ ਸੀ ਤੇ ਗੱਡੀ ਨੂੰ ਡਰਾਈਵਰ ਹਰੀਸ਼ ਕੁਮਾਰ ਚਲਾ ਰਿਹਾ ਸੀ ਜਦਕਿ ਉਸਦੇ ਨਾਲ ਉਸ ਦਾ ਹੈਲਪਰ ਰਾਹੁਲ ਮੌਜੂਦ ਸੀ।ਬੰਟੀ ਅਰੋੜਾ ਪੁੱਤਰ ਹਰਦਿਆਲ ਸਿੰਘ ਜੋ ਕਿ ਵਪਾਰੀ ਹੈ ਰੋਜ਼ਾਨਾ ਟ੍ਰੇਨ ਰਾਹੀਂ ਅੰਮ੍ਰਿਤਸਰ ਤੋਂ ਲੁਧਿਆਣਾ ਮਾਲ ਲੈਣ ਲਈ ਆਉਂਦਾ ਸੀ ਲੇਕਿਨ ਪਰੰਤੂ ਟਰੇਨ ਮਿਸ ਹੋਣ ਕਾਰਨ ਉਹ ਵੀ ਇਸੇ ਹੀ ਗੱਡੀ ਵਿਚ ਵਾਪਸ ਅੰਮ੍ਰਿਤਸਰ ਜਾ ਰਿਹਾ ਸੀ ਇਸ ਦੌਰਾਨ ਗੁਰਾਇਆ ਨੈਸ਼ਨਲ ਹਾਈਵੇ ‘ਤੇ ਗੱਡੀ ਦਾ ਟਾਇਰ ਪੈਂਚਰ ਹੋਣ ਕਾਰਨ ਉਹ ਟਾਇਰ ਬਦਲ ਰਹੇ ਸਨ ਕਿ ਪਿਛਿਓ ਆਏ ਇਕ ਤੇਜ਼ ਰਫ਼ਤਾਰ ਟਰਾਲੇ ਨੇ ਖ਼ਰਾਬ ਗੱਡੀ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ ਜੋ ਕਿ ਗੱਡੀ ਨੂੰ ਕਾਫ਼ੀ ਦੂਰ ਤਕ ਹਵਾ ਵਿੱਚ ਹੀ ਲੈ ਗਿਆ।ਇਸ ਹਾਦਸੇ ਵਿੱਚ ਬੰਟੀ ਅਰੋੜਾ ਵਪਾਰੀ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਏ ਜਦਕਿ ਹੈਲਪਰ ਰਾਹੁਲ ਅਤੇ ਡਰਾਈਵਰ ਹਰੀਸ਼ ਗੰਭੀਰ ਰੂਪ ਵਿਚ ਜਖਮੀਂ ਹੋ ਗਏ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਗੁਰਾਇਆ ਪੁਲਸ ਵੱਲੋਂ ਟਰਾਲਾ ਕਬਜ਼ੇ ਵਿਚ ਲੈ ਲਿਆ ਜਦਕਿ ਉਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ । ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।