ਲਖਨਊ, 10 ਦਸੰਬਰ – ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਨਵਵਿਆਹੇ ਨੌਜਵਾਨ ਜੋੜੇ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।ਦੋਵਾਂ ਨੂੰ ਗੰਭੀਰ ਹਾਲਤ ਵਿਚ ਪ੍ਰਯਾਗਰਾਜ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਦੋਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੋਹੰਦੌਰ ਥਾਣਾ ਖੇਤਰ ਦੇ ਸਰਾਏਸ਼ੰਕਰ ਗ੍ਰਾਮ ਸਭਾ ਦੇ ਰਹਿਣ ਵਾਲੇ 22 ਸਾਲਾਂ ਨੀਲੇਸ਼ ਨੇ ਪਿੰਡ ਦੀ ਹੀ ਰਹਿਣ ਵਾਲੀ 20 ਸਾਲਾਂ ਲੜਕੀ ਰੌਸ਼ਨੀ ਨਾਲ ਅਜੇ 6 ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਸੀ। ਵੀਰਵਾਰ ਦੀ ਸ਼ਾਮ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਝਗੜਾ ਹੋ ਗਿਆ ਜਿਸ ਤੋਂ ਬਾਅਦ ਪਹਿਲਾਂ ਲੜਕੀ ਨੇ ਤੇ ਉਸ ਤੋਂ ਬਾਅਦ ਲੜਕੇ ਨੇ ਵੀ ਜ਼ਹਿਰੀਲਾ ਪਦਾਰਥ ਖਾ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਨੇ ਕਿਸ ਗੱਲੋ ਜ਼ਹਿਰ ਖਾਧਾ, ਇਸ ਦੀ ਜਾਂਚ ਕੀਤੀ ਜਾਵੇਗੀ।