ਮੋਗਾ, 14 ਦਸੰਬਰ – ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦਾ 100 ਸਾਲਾਂ ਸਥਾਪਨਾ ਦਿਵਸ ਮਨਾਉਣ ਨੂੰ ਲੈ ਕੇ ਕਿੱਲੀ ਚਾਹਲਾਂ (ਮੋਗਾ) ਵਿੱਚ ਇੱਕ ਵੱਡੀ ਰੈਲੀ ਕੀਤੀ ਗਈ।ਰੈਲੀ ਨੂੰ ਸੰਬੋਧਨ ਕਰਦਿਆ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਲਈ ਸ਼ਹਾਦਤਾਂ ਦਿੱਤੀਆਂ ਹਨ।ਆਜ਼ਾਦੀ ਤੋਂ ਪਹਿਲਾਂ ਵੀ ਅਕਾਲੀ ਦਲ ਪੰਜਾਬ ਲਈ ਲੜਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ‘ਤੇ ਔਰਤਾਂ ਨੂੰ ਹਰ ਮਹੀਨੇ 2000 ਰੁਪਏ ਦਿੱਤੇ ਜਾਣਗੇ, ਹਰ ਵਰਗ ਦੇ ਬਿਜਲੀ ਦੇ ਪਹਿਲੇ 400 ਯੂਨਿਟ ਮੁਫਤ ਹੋਣਗੇ, ਨੌਜਵਾਨ ਨੇ ਸਟੂਡੈਂਟ ਕਾਰਡ ਬਣਾਏ ਜਾਣਗੇ ਜਿਸ ਦੇ ਤਹਿਤ ਨੌਜਵਾਨ ਦੇਸ਼ ਜਾਂ ਵਿਦੇਸ਼ ਜਿੱਥੇ ਵੀ ਪੜੇਗਾ ਫੀਸ ਪੰਜਾਬ ਸਰਕਾਰ ਦੇਵੇਗੀ।ਨੌਜਵਾਨਾਂ ਨੂੰ ਆਪਣੇ ਪੈਰਾਂ ਉੱਪਰ ਖੜਾ ਕਰਨ ਲਈ 5 ਲੱਖ ਦਾ ਲੋਨ ਬਿਨ੍ਹਾਂ ਵਿਆਜ਼ ਤੋਂ ਦਿੱਤਾ ਜਾਵੇਗਾ।ਹਰ ਪਰਿਵਾਰ ਦਾ ਮੈਡੀਕਲ ਇੰਸ਼ੋਅਰੈਂਸ ਕਾਰਡ ਬਣਾਇਆ ਜਾਵੇਗਾ ਜਿਸ ਦੇ ਤਹਿਤ 10 ਲੱਖ ਦਾ ਇਲਾਜ ਕਿਸੇ ਵੀ ਹਸਪਤਾਲ ‘ਚ ਫ੍ਰੀ ਹੋਵੇਗਾ।ਛੋਟੇ ਵਪਾਰੀਆਂ ਦਾ 10 ਲੱਖ ਦਾ ਬੀਮਾ ਕੀਤਾ ਜਾਵੇਗਾ, ਫਾਇਰ ਇੰਸ਼ੋਅਰੈਂਸ 10 ਲੱਖ ਦੀ ਕੀਤੀ ਜਾਵੇਗੀ ਅਤੇ 10 ਲੱਖ ਦੀ ਮੈਡੀਕਲ ਇੰਸ਼ੋਅਰੈਂਸ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ‘ਤੇ ਇੰਡਸਟਰੀ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣ, 12000 ਪਿੰਡਾਂ ਵਿਚ ਸੀਵਰੇਜ ਪਾਉਣ, ਫਸਲਾਂ ਦਾ ਬੀਮਾ ਕਰਨ ਦਾ ਵੀ ਐਲਾਨ ਕੀਤਾ ਜਿਸ ਦੇ ਤਹਿਤ ਫਸਲ ਦਾ ਨੁਕਸਾਨ ਹੋਣ ‘ਤੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ-ਬਸਪਾ ਗੱਠਜੋੜ ਸਰਕਾਰ ਬਣਨ ‘ਤੇ 2004 ਤੋਂ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ,ਸ਼ਰਾਬ ਮਾਫ਼ੀਆ ਖ਼ਤਮ ਕਰਨ ਲਈ ਕਾਰਪੋਰੇਸ਼ਨ ਬਣਾਉਣ , ਧਾਰਮਿਕ ਅਸਥਾਨਾਂ ਨੂੰ ਬਿਜਲੀ ਮੁਫਤ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵੀ ਐਲਾਨ ਕੀਤਾ।