ਚੰਡੀਗੜ੍ਹ, 17 ਦਸੰਬਰ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਭਵਨ ‘ਚ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਸਰਕਾਰਾਂ ਨੇ ਮਜ਼ਦੂਰਾਂ ਬਾਰੇ ਕਦੇ ਵੀ ਕੋਈ ਗੱਲ ਨਹੀਂ ਕੀਤੀ। ਕਾਫੀ ਸਾਲਾਂ ਦੇ ਤਜ਼ੁਰਬੇ ਤੋਂ ਬਾਅਦ ਉਹ ਮਜ਼ਦੂਰਾਂ ਲਈ ਪੰਜਾਬ ਮਾਡਲ ਲੈ ਕੇ ਆਏ ਹਨ। ਇਸ ਮਾਡਲ ਤਹਿਤ ਮਜ਼ਦੂਰਾਂ ਨੂੰ ਸ਼ਹਿਰੀ ਇਲਾਕਿਆਂ ਵਿਚ ਰੁਜ਼ਗਾਰ ਗਰੰਟੀ ਦੇਵਾਂਗੇ ਤੇ ਮਨਰੇਗਾ ਦੀ ਤਰਜ਼ ‘ਤੇ ਰੋਜ਼ਗਾਰ ਗਾਰੰਟੀ ਦਿੱਤੀ ਜਾਵੇਗੀ। ਅਨਸਕਿਲਡ ਲੇਬਰ ਲਈ ਪੰਜਾਬ ਮਾਡਲ ਲਿਆਂਦਾ ਜਾਵੇਗਾ ਤੇ ਇਸ ਪੰਜਾਬ ਮਾਡਲ ‘ਚ ਮਜ਼ਦੂਰਾਂ ਦੇ ਭਲੇ ਨੂੰ ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮਹਿੰਗਾਈ ਇੰਨੀ ਵੱਧ ਗਈ ਹੈ ਪਰ ਮਜ਼ਦੂਰਾਂ ਦੀ ਦਿਹਾੜੀ ਨਹੀਂ ਵਧੀ।ਮਜ਼ਦੂਰਾਂ ਦਾ ਕੰਮ 8 ਘੰਟੇ ਤੋਂ ਵੱਧ ਨਹੀਂ ਹੋਣਾ ਚਾਹੀਦਾ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਰਜਿਸਟਰਡ ਨਹੀਂ, ਜੇ ਮਜ਼ਦੂਰ ਰਜਿਸਟਰਡ ਨਹੀਂ ਹੋਣਗੇ ਤਾਂ ਕੋਈ ਲਾਭ ਨਹੀਂ ਮਿਲੇਗਾ।