ਚੰਡੀਗੜ੍ਹ/ਫਗਵਾੜਾ (27 ਦਸੰਬਰ)-ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਮੀਡੀਆ ਵਿਚ ਬਿਆਨ ਦਿੱਤੇ ਜਾ ਰਹੇ ਹਨ ਕਿ ਉਹ 24 ਕੈਰੇਟ ਦੇ ਸ਼ੁੱਧ ਕਾਂਗਰਸੀ ਹਨ। ਕਾਂਗਰਸੀੇ ਆਗੂਆਂ ਦੇ ਇਸ ਬਿਆਨ ’ਤੇ ‘ਚੁਟਕੀ’ ਲੈਂਦਿਆਂ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਨੇਤਾ ਦੱਸਣ ਕਿ ਜੇਕਰ ਉਹ ਸ਼ੁੱਧ ਕਾਂਗਰਸੀ ਹਨ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਨੇ ਵਾਅਦੇ ਕੀਤੇ ਹਨ ਉਹ ਪੂਰੇ ਕਿਉਂ ਨਹੀਂ ਕੀਤੇ ਹਨ। ਕਿਉਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਸੂਬਾ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ 2004 ਤੋਂ 2016 ਤੱਕ ਪੂਰੇ 13 ਸਾਲ ਭਾਜਪਾ ਵਿਚ ਰਹੇ, ਫਿਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਝੂਟੇ ਲੈਣ ਲਈ ਆਵਾਜ਼-ਏ-ਪੰਜਾਬ ਨਾਂ ਦੀ ਪੀਂਘ ਪਾਈ ਪਰ ਜਦੋਂ ਸਿੱਧੂ ਝੂਟੇ ਲੈਣ ਲਈ ਕਾਮਯਾਬ ਨਹੀਂ ਹੋਇਆ ਤਾ ਨੇ ਕਾਂਗਰਸ ਜੁਆਇਨ ਕਰ ਲਈ। ਹੁਣ ਕਾਂਗਰਸ ਦੱਸੇ ਕਿ ਸਿੱਧੂ ਕਿੰਨੇ ਕੈਰੇਟ ਦੇ ਸ਼ੁੱਧ ਕਾਂਗਰਸੀ ਹਨ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ 2002 ਵਿਚ ਕੌਂਸਲਰ ਤੇ 2007 ਵਿਚ ਆਜ਼ਾਦ ਐਮਐਲਏ ਬਣੇ ਅਤੇ 2010 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਕਾਂਗਰਸ ਪਾਰਟੀ ਜੁਆਇਨ ਕਰਾਈ। ਮੁੱਖ ਮੰਤਰੀ ਚੰਨੀ ਜੀ ਇਹ ਦੱਸਣ ਕਿ ਉਹ ਕਿੰਨੇ ਕੈਰੇਟ ਦੇ ਕਾਂਗਰਸੀ ਹਨ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 2017 ਵਿਚ ਕੈਪਟਨ ਦੀ ਅਗਵਾਈ ਹੇਠ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਲੰਬੇ ਚੌੜੇ ਵਾਅਦੇ ਕੀਤੇ ਸਨ ਕਿ 51000 ਰੁਪਏ ਸ਼ਗਨ ਸਕੀਮ, ਪੰਜਾਬ ਦੇ ਹਰ ਘਰ ਵਿਚ ਸਰਕਾਰੀ ਨੌਕਰੀ, ਨੌਜਵਾਨਾਂ ਨੂੰ ਸਮਾਰਟ ਫੋਨ, ਪੰਜਾਬ ਵਿਚੋਂ ਨਸ਼ਾ 4 ਹਫਤਿਆਂ ਵਿਚ ਖਤਮ ਕਰਨਾ ਆਦਿ ਪਰ ਕੀਤਾ ਕੁਝ ਵੀ ਨਹੀਂ। ਕਾਂਗਰਸ ਨੇ ਆਮ ਲੋਕਾਂ ਨਾਲ ਧੋਖਾ ਕੀਤਾ, ਪੰਜਾਬ ਦੀ ਨੌਜਵਾਨੀ ਅਤੇ ਗੁਰਬਾਣੀ ਦੇ ਨਾਲ ਧੋਖਾ ਕੀਤਾ ਹੈ। ਕਾਂਗਰਸੀ ਕਿਸ ਮੂੰਹ ਨਾਲ ਆਪਣੇ ਆਪ ਨੂੰ ਸ਼ੁੱਧ ਸਬਦ ਦੀ ਵਰਤੋਂ ਕਰੀ ਜਾਂਦੇ ਹਨ।
ਸ. ਗੜ੍ਹੀ ਨੇ ਮੁੱਖ ਮੰਤਰੀ ਚੰਨੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਚੰਨੀ ਜੀ ਨੇ ਕਿਹਾ ਸੀ ਕਿ ਉਹ 1 ਲੱਖ ਸਰਕਾਰੀ ਨੌਕਰੀ ਦੇਣਗੇ, ਹੁਣ ਦੱਸਣ ਕਿ ਉਹਨਾਂ ਦੇ ਕਾਰਜਕਾਲ ਦੇ 89 ਦਿਨ ਪੂਰੇ ਹੋਣ ਵਾਲੇ ਹਨ ਅਤੇ ਕਿਸੇ ਵੀ ਦਿਨ ਚੋਣ ਜ਼ਾਬਤਾ ਲੱਗ ਸਕਦਾ ਹੈ। ਮਾਣਯੋਗ ਮੁੱਖ ਮੰਤਰੀ ਚੰਨੀ ਜੀ ਇਹ ਦੱਸਣ ਕਿ ਹੁਣ ਤੱਕ ਉਨ੍ਹਾਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ, ਕਿੰਨੇ ਲੋਕਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਉਹ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਪ੍ਰੰਤੂ ਪਿਛਲੇ 21 ਦਿਨਾਂ ਤੋਂ ਪੰਜਾਬ ਵਿਚ ਐਨਐਚਐਮ ਸਟਾਫ ਦੇ ਕਰਮਚਾਰੀ ਹੜਤਾਲਾਂ ’ਤੇ ਬੈਠੇ ਹਨ, ਉਨ੍ਹਾਂ ਲਈ ਸਰਕਾਰ ਨੇ ਕੀ ਕੀਤਾ। ਪੰਜਾਬ ਵਿਚ ਆਸ਼ਾ ਵਰਕਰ ਜੋ 2500 ਰੁਪਏ ਦੀ ਮਾਮੂਲੀ ਪੇਅ ਸਕੇਲ ’ਤੇ ਕੰਮ ਕਰ ਰਹੀਆਂ ਹਨ, ਅਸ਼ਾ ਵਰਕਰਾਂ ਲਈ ਮੁੱਖ ਮੰਤਰੀ ਚੰਨੀ ਸਾਬ੍ਹ ਨੇ ਕੀ ਕੀਤਾ। ਸ. ਗੜ੍ਹੀ ਨੇ ਕਿਹਾ ਕਿ ਕਾਂਗਰਸੀ ਆਪਣੇ ਆਪ ਨੂੰ ਜਿੰਨਾ ਮਰਜ਼ੀ 24 ਕੈਰੇਟ ਕਹੀ ਜਾਣ ਪਰ ਇਹ ਖੋਟੀ ਕਾਂਗਰਸ ਦੇ ਖੋਟੇ ਚਰਿੱਤਰ ਦੇ ਖੋਟੇ ਲੀਡਰ ਹਨ। ਕਾਂਗਰਸ ਦੇ ਮਨ ਵਿਚ ਖੋਟ, ਨੀਤੀਆਂ ਵਿਚ ਖੋਟ ਅਤੇ ਸਰਕਾਰ ਚਲਾਉਣ ਦੇ ਢੰਗ ਵਿਚ ਖੋਟ ਹੈ। ਸ ਗੜ੍ਹੀ ਨੇ ਕਿਹਾ ਕਿ ਕਾਂਗਰਸ ਦਾ ਦਲਿਤ ਵਿਰੋਧੀ ਚੇਹਰਾ ਹੁਣ ਬੇਨਕਾਬ ਹੋ ਗਿਆ ਹੈ। ਕਾਂਗਰਸ ਨੇ ਪੰਜਾਬ ਨੂੰ ਸਿਰਫ 89 ਦਿਨ ਦਾ ਦਲਿਤ ਚੇਹਰਾ ਮੁੱਖ ਮੰਤਰੀ ਦੇ ਰੂਪ ਵਿਚ ਦਿੱਤਾ। ਜੇ ਇਹ ਇੰਨੇ ਹੀ ਸ਼ੁੱਧ ਹਨ ਤਾਂ 2022 ਵਿਚ ਵੀ ਚੰਨੀ ਨੂੰ ਮੁੱਖ ਮੰਤਰੀ ਚੇਹਰਾ ਕਿਉਂ ਨਹੀਂ ਐਲਾਨਿਆ ਜਾ ਰਿਹਾ ਹੈ।
ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਸ ਖੋਟੀ ਕਾਂਗਰਸ ਨੂੰ ਚੱਲਦਾ ਕਰਕੇ ਪੰਜਾਬ ਵਿਚ ਸ਼੍ਰੋਅਦ-ਬਸਪਾ ਗਠਜੋੜ ਦੀ 24 ਕੈਰੇਟ ਸ਼ੁੱਧ ਸਰਕਾਰ ਬਣਾਏਗੀ।