ਚੰਡੀਗੜ੍ਹ, 7 ਜਨਵਰੀ – ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਭਾਜਪਾ ਦੇ ਨਹੀਂ, ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਸੁਰੱਖਿਆ ਦੀ ਕੀਮਤ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈ ਤੇ ਪ੍ਰਧਾਨ ਮੰਤਰੀ ਜਾਨ ਨੂੰ ਖਤਰਾ ਦੱਸ ਕੇ ਪੰਜਾਬ ਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਡਰਾਮਾ ਹੋ ਰਿਹਾ ਹੈ ਤੇ ਪੰਜਾਬ ਵਿਚ ਪ੍ਰਧਾਨ ਮੰਤਰੀ ਨੂੰ ਕੋਈ ਖਤਰਾ ਨਹੀਂ ਸੀ। ਇਹ ਸਭ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਾਕੀ ਸੂਬਿਆਂ ‘ਚ ਪੰਜਾਬ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ।ਉਨ੍ਹਾਂ ਸਵਾਲ ਕੀਤਾ ਕਿ ਆਈ.ਬੀ, ਕੇਂਦਰੀ ਏਜੰਸੀਆਂ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੀਆਂ ਜ਼ਿੰਮੇਵਾਰ ਨਹੀਂ। ਜਦ ਸੜਕੀ ਰਾਸਤੇ ਜਾਣ ਦਾ ਪਲਾਨ ਨਹੀਂ ਸੀ ਤਾਂ ਸੜਕੀ ਰਾਸਤੇ ਜਾਣ ਦਾ ਪਲਾਨ ਕਿਉਂ ਪਲਾਨ ਬਣਾਇਆ ਗਿਆ।ਸਾਰਾ ਪਲਾਨ ਰੈਲੀ ‘ਚ ਭੀੜ ਨਾ ਦੇਖਕੇ ਬਣਾਇਆ ਗਿਆ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਫ਼ਿਰੋਜ਼ਪੁਰ ਰੈਲੀ ਦੌਰਾਨ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਭਾਜਪਾ ਦਾ ਤੋਤਾ ਬਣ ਗਏ ਹਨ।