ਫਗਵਾੜਾ, 10 ਜਨਵਰੀ (ਐੱਚ.ਐੱਸ ਰਾਣਾ) ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਂਝਾ ਵਫਦ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਗੱਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਐੱਸ.ਡੀ.ਐੱਮ ਫਗਵਾੜਾ ਕੁਲਪ੍ਰੀਤ ਸਿੰਘ ਨੂੰ ਮਿਲਿਆ। ਵਫਦ ਨੇ ਇੱਕ ਮੰਗ ਪੱਤਰ ਐੱਸ.ਡੀ.ਐੱਮ ਫਗਵਾੜਾ ਨੂੰ ਦਿੰਦਿਆਂ ਚੋਣ ਕਮਿਸ਼ਨ ਪਾਸੋਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਬਜਾਇ 20 ਫਰਵਰੀ ਨੂੰ ਕਰਵਾਉਣ ਦੀ ਮੰਗ ਕੀਤੀ।ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਸਾਲ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਾਹਾਰਾਜ ਦਾ 645ਵਾਂ ਪ੍ਰਕਾਸ਼ ਪੁਰਬ ਪੰਜਾਬ ਸਹਿਤ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ।ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਜਨਮ ਸਥਲੀ ਸ੍ਰੀ ਗੋਵਰਧਨਪੁਰ ਕਾਂਸ਼ੀ ਬਨਾਰਸ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ।ਇਸ ਵਾਰ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ 13 ਅਤੇ 14 ਫਰਵਰੀ ਨੂੰ ਵਿਸ਼ੇਸ਼ ਟਰੇਨ ਰਾਹੀਂ ਸ੍ਰੀ ਗੋਵਰਧਨਪੁਰ ਕਾਂਸ਼ੀ ਬਨਾਰਸ ਜਾਣਗੇ ਤੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਦੇ ਸ੍ਰੀ ਗੋਵਰਧਨਪੁਰ ਕਾਂਸ਼ੀ ਬਨਾਰਸ ਪਹੁੰਚਣ ਦੀ ਸੰਭਾਵਨਾ ਹੈ।ਅਜਿਹੇ ਵਿਚ ਸ੍ਰੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਰਵਿਦਾਸੀਆਂ ਨਾਮਲੇਵਾ ਸ਼ਰਧਾਲੂ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਇੱਕ ਮੰਗ ਪੱਤਰ ਐੱਸ.ਡੀ.ਐੱਮ ਫਗਵਾੜਾ ਨੂੰ ਦਿੰਦਿਆਂ ਦੇਸ਼ ਦੇ ਮੁੱਖ ਚੋਣ ਕਮਿਸ਼ਨ ਪਾਸੋਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਬਜਾਇ 20 ਫਰਵਰੀ ਨੂੰ ਕਰਵਾਉਣ ਦੀ ਮੰਗ ਕੀਤੀ ਗਈ ਹੈ।