ਫਗਵਾੜਾ ਪੁਲਿਸ ਵੱਲੋਂ ਬੈਂਕ ਦੀ ਲੁੱਟ ਦਾ ਮਾਮਲਾ ਟਰੇਸ, ਬੈਂਕ ਕਰਮਚਾਰੀ ਹੀ ਨਿਕਲਿਆ ਮਾਸਟਰ ਮਾਈਂਡ

ਫਗਵਾੜਾ, 10 ਜਨਵਰੀ (ਰਮਨਦੀਪ) ਫਗਵਾੜਾ ਪੁਲਿਸ ਨੇ ਬੀਤੇ ਦਿਨੀ ਸੈਟਨ ਕਰੈਡਿਟ ਕੇਅਰ ਨੈਟਵਰਕ ਲਿਮਟਿਡ ਪ੍ਰਾਈਵੇਟ ਬੈਂਕ ਵਿੱਚੋਂ ਹੋਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆ 2 ਦੋਸ਼ੀਆਂ ਨੂੰ 2 ਮੋਟਰਸਾਈਕਲਾਂ, ਲੁੱਟਿਆ ਸੇਫ ਅਤੇ ਲੁੱਟੀ ਹੋਈ ਰਕਮ ਸਮੇਤ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਮਿਤੀ 4 ਜਨਵਰੀ ਨੂੰ ਧਿਆਨ ਸਿੰਘ ਕਲੋਨੀ ਵਿਖੇ ਸਥਿਤ ਸੈਟਨ ਕਰੈਡਿਟ ਕੇਅਰ ਨੈਟਵਰਕ ਲਿਮਟਿਡ ਪ੍ਰਾਈਵੇਟ ਬੈਂਕ ਵਿੱਚੋਂ ਮੋਟਸਸਾਈਕਲ ਤੇ ਸਵਾਰ ਤਿੰਨ ਨੌਜ਼ਵਾਨ ਡਾਕਾ ਮਾਰ ਸੇਫ ਲੈ ਕੇ ਫਰਾਰ ਹੋ ਗਏ ਸਨ। ਬੈਂਕ ਦੇ ਅਧਿਕਾਰੀ ਸੁਖਦੇਵ ਸਿੰਘ ਨੇ ਥਾਣਾ ਸਤਨਾਮਪੁਰਾ ਦੇ ਅਧਿਕਾਰੀਆਂ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਲੁਟੇਰੇ ਬੈਂਕ ਦੇ ਸੇਫ ਸਮੇਤ 4 ਲੱਖ 11 ਹਜਾਰ ਰੁਪਏ ਲੈ ਗਏ ਸਨ। ਇਸ ਸਬੰਧੀ ਗੱਲਬਾਤ ਕਰਦਿਆ ਐੱਸ.ਪੀ.ਡੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਨੇ ਜਗਜੀਤ ਸਿੰਘ ਸਰੋਆ ਪੀ.ਪੀ.ਐੱਸ ਪੁਲਿਸ ਕਪਤਾਨ ਕਪੂਰਥਲਾ ਦੀ ਦੇਖ ਰੇਖ ਹੇਠ ਪੁਲਿਸ ਕਪਤਾਨ ਫਗਵਾੜਾ ਹਰਿੰਦਰ ਸਿੰਘ ਪਰਮਾਰ ਅਤੇ ਡੀ.ਐੱਸ.ਪੀ ਫਗਵਾੜਾ ਅਸ਼ਰੂ ਰਾਮ ਸ਼ਰਮਾਂ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਸੀ ਤੇ ਪੁਲਿਸ ਵੱਲੋਂ ਟੈਕਨੀਕਲ ਤੇ ਵਿਗਿਆਨਿਕ ਤਰੀਕੇ ਨਾਲ ਕੀਤੀ ਜਾ ਰਹੀ ਜਾਂਚ ਦੋਰਾਨ ਸੀ.ਆਈ.ਏ ਸਟਾਫ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਵਿਰਕ ਅਤੇ ਥਾਣਾ ਸਤਨਾਮਪੁਰਾ ਦੇ ਐੱਸ.ਐੱਚ.ਓ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੰਡਵਾ ਦੇ ਟੀ-ਪੁਆਇੰਟ ‘ਤੇ ਨਾਕਾ ਲਗਾਇਆ ਹੋਇਆ ਸੀ ਕਿ ਇਸ ਦੌਰਾਨ 2 ਨੌਜ਼ਵਾਨ ਮੋਟਰਸਾਈਕਲ ‘ਤੇ ਪਿੰਡ ਘੁੜਕਾ ਵਾਲੀ ਸਾਈਡ ਤੋਂ ਆ ਰਹੇ ਸਨ । ਜਦੋਂ ਸ਼ੱਕ ਦੇ ਅਧਾਰ ‘ਤੇ ਪੁਲਿਸ ਨੇ ਉਕਤ ਨੌਜਵਾਨਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨਾਂ ਨੇ ਆਪਣਾ ਨਾਂਅ ਪ੍ਰਦੀਪ ਪੁੱੱਤਰ ਭੋਲਾ ਸਿੰਘ ਵਾਸੀ ਬਿਲਗਾ ਅਤੇ ਦੂਸਰੇ ਨੇ ਆਪਣਾ ਨਾਂਅ ਅਜੇਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਦੀਨੇਵਾਲ ਜਿਲ੍ਹਾ ਤਰਨ ਤਾਰਨ ਦੱਸਿਆ। ਉਨਾਂ ਕਿਹਾ ਕਿ ਪੁਲਿਸ ਨੇ ਉਨਾਂ ਪਾਸੋਂ ਦੌਰਾਨੇ ਤਲਾਸ਼ੀ 1 ਲੱਖ 15 ਹਜਾਰ ਰੁਪਏ ਦੀ ਨਗਦੀ ਬਰਾਮਦ ਕੀਤੀ। ਪੁਲਿਸ ਵੱਲੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਦੋਵਾਂ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਵਾਰਦਾਤ ਵਿੱਚ ਵਰਤੇ ਦੋਨੋ ਮੋਟਰਸਾਈਕਲ ਬਰਾਮਦ ਕਰਵਾਏ ਅਤੇ ਇਹ ਵੀ ਮੰਨਿਆ ਕਿ ਉਨਾਂ ਨਾਲ ਤੀਸਰਾ ਸਾਥੀ ਸ਼ੀਰਾ ਉਰਫ ਸ਼ੀਰੂ ਵਾਸੀ ਪਿੰਡੀਆ ਜਿਲ੍ਹਾ ਤਰਨਤਾਰਨ ਵੀ ਸ਼ਾਮਲ ਹੈ। ਉਨਾਂ ਦੱਸਿਆ ਕਿ ਉਨਾਂ ਨੇ ਇਸੇ ਹੀ ਬੈਂਕ ਵਿੱਚ ਰਿਕਵਰੀ ਅਫਸਰ ਵੱਜੋਂ ਕੰਮ ਕਰਨ ਵਾਲੇ ਪ੍ਰਦੀਪ ਸਿੰਘ ਨਾਲ ਮਿਲ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਅਧਿਕਾਰੀਆਂ ਮੁਤਾਬਿਕ ਉਕਤ ਲੁਟੇਰਿਆ ਨੇ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਉਕਤ ਰਾਸ਼ੀ ਆਪਸ ਵਿੱਚ ਵੰਡ ਲਈ ਸੀ ਤੇ ਪੁਲਿਸ ਨੇ ਇਨਾਂ ਪਾਸੋਂ ਪੈਸਿਆ ਵਾਲੀ ਤਜੋਰੀ ਵੀ ਬਰਾਮਦ ਕਰ ਲਈ ਹੈ।ਪੁਲਿਸ ਇਨਾਂ ਦੇ ਤੀਸਰੇ ਸਾਥੀ ਦੀ ਭਾਲ ਵਿੱਚ ਜੁੱਟ ਗਈ ਹੈ। ਉਨਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *