ਚੰਡੀਗੜ੍ਹ, 12 ਜਨਵਰੀ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ।ਵਿਰੋਧੀਆਂ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਗੱਠਜੋੜ ਦੀਆਂ ਸਰਕਾਰਾਂ ਬਣੀਆਂ ਹਨ ਤੇ ਸਾਰੇ ਮਿਲ ਕੇ ਖਾਂਦੇ ਹਨ। 19 ਸਾਲਾਂ ਤੱਕ ਪੰਜਾਬ ਵਿਚ ਬਾਦਲ ਪਰਿਵਾਰ ਤੇ ਕਾਂਗਰਸ ਨੇ ਰਾਜ ਕੀਤਾ ਹੈ ਤੇ ਦੋਵਾਂ ਨੇ ਮਿਲਕੇ ਪੰਜਾਬ ਨੂੰ ਲੁੱਟਿਆ ਹੈ।ਸਾਢੇ ਤਿੰਨ ਲੱਖ ਕਰੋੜ ਰੁਪਿਆ ਲੀਡਰਾਂ ਦੀ ਜੇਬ ਵਿਚ ਗਿਆ ਹੈ ਤੇ ਪੰਜਾਬ ਦੇ ਪਿੰਡ ਪਿੰਡ ਨਸ਼ਾ ਵਿਕਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਪੰਜਾਬੀ ਦੀ ਸਰਕਾਰ ਬਣੇਗੀ ਤੇ ਅਸੀਂ 10 ਏਜੰਡਿਆ ਨੂੰ ਲੈ ਕੇ ਨਵਾਂ ਪੰਜਾਬ ਮਾਡਲ ਬਣਾਇਆ ਹੈ।ਟਿਕਟ ਵੇਚਣ ਦੇ ਇਲਜ਼ਾਮਾਂ ਉੱਪਰ ਬੋਲਦਿਆ ਉਨ੍ਹਾਂ ਕਿਹਾ ਕਿ ਸਿਆਸੀ ਰੰਜਸ਼ ਤਹਿਤ ਵਿਰੋਧੀਆਂ ਵੱਲੋਂ ‘ਆਪ’ ਉੱਪਰ ਟਿਕਟ ਵੇਚਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।ਇਲਜ਼ਾਮ ਲਗਾਉਣ ਵਾਲਿਆਂ ਨੂੰ ਉਨ੍ਹਾਂ ਸਾਬਿਤ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮੈਂ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਦਾ।ਸੰਯੁਕਤ ਸਮਾਜ ਮੋਰਚੇ ਨਾਲ ਰਲ ਕੇ ਚੋਣਾਂ ਲੜਨ ਸਬੰਧੀ ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਿਲੇ ਸਨ ਤੇ ਉਹ 60 ਸੀਟਾਂ ਦੀ ਮੰਗ ਕਰ ਰਹੇ ਸਨ। ਜਦੋਂ ਤੱਕ ਰਾਜੇਵਾਲ ਉਨ੍ਹਾਂ ਕੋਲ ਆਏ ਅਸੀਂ 90% ਟਿਕਟਾਂ ਦਾ ਐਲਾਨ ਕਰ ਚੁੱਕੇ ਸੀ।