ਫਾਜ਼ਿਲਕਾ, 13 ਮਈ – ਫਾਜ਼ਿਲਕਾ ਤੋਂ ਕਾਂਗਰਸ ਨੂੰ ਉਸ ਸਮੇਂ ਜਬਰਦਸਤ ਝਟਕਾ ਲੱਗਾ ਜਦੋਂ 2 ਵਾਰ ਵਿਧਾਇਕ ਰਹਿ ਚੁੱਕੇ ਅਤੇ ਕਾਂਗਰਸ ਦੇ ਇੰਚਾਰਜ ਡਾ. ਮਹਿੰਦਰ ਸਿੰਘ ਰਿਣਵਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿੰਦਰ ਸਿੰਘ ਰਿਣਵਾ ਦਾ ਸਵਾਗਤ ਕਰਦਿਆ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਾਜ਼ਿਲਕਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਕੱਲੇ ਰਹਿ ਗਏ ਹਨ ਤੇ ਉਨ੍ਹਾਂ ਦੇ ਸਾਰੇ ਸਾਥੀ ਅਕਾਲੀ ਦਲ ਵਿਚ ਆ ਗਏ ਹਨ।ਕੋਰੋਨਾ ਨੂੰ ਲੈ ਕੇ ਉਨ੍ਹਾਂ ਸਰਕਾਰ ਪਾਸੋਂ ਸਰਵ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੈ ਤੇ ਕੈਪਟਨ ਸਰਕਾਰ ਨੂੰ ਸਲਾਹ ਦਿੰਦਿਆ ਕਿਹਾ ਕਿ ਸਰਕਾਰ ਨੂੰ ਹਰੇਕ ਬਲਾਕ ਵਿਚ ਕੋਵਿਡ ਸੈਂਟਰ ਖੋਲ੍ਹਣੇ ਚਾਹੀਦੇ ਹਨ ਜਿਨ੍ਹਾਂ ਵਿਚ ਲੰਗਰ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਵੇਗੀ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਿਲ ਕੋਰੋਨਾ ਮਰੀਜ਼ਾਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਚੁੱਕੇ। ਕੋਰੋਨਾ ਦੇ ਚੱਲਦਿਆ ਦੁਕਾਨਾਂ ਤੇ ਕਾਰੋਬਾਰ ਬੰਦ ਪਏ ਹਨ ਇਸ ਲਈ ਸਰਕਾਰ 6 ਮਹੀਨਿਆ ਲਈ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ ਤੇ ਟੈਕਸ ਮਾਫ ਕਰੇ।