ਚੰਡੀਗੜ੍ਹ, 7 ਫਰਵਰੀ – ਪੰਜਾਬ ਸਮੇਤ 5 ਰਾਜਾਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਤਾਕਤ ‘ਚ ਉਸ ਸਮੇਂ ਹੋਰ ਇਜਾਫਾ ਹੋਇਆ ਜਦੋਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਹੈਰੋਇਨ ਮਾਹੀ ਗਿੱਲ ਅਤੇ ਕਲਾਕਾਰ ਹੌਬੀ ਧਾਲੀਵਾਲ ਕਈ ਹੋਰਨਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਚੋਣ ਪ੍ਰਭਾਰੀ ਗਜ਼ੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ, ਪੰਜਾਬ ਦੇ ਚੋਣ ਇੰਚਾਰਜ ਦੂਸ਼ਿਅੰਤ ਗੌਤਮ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ਵਿਚ ਮਾਹੀ ਗਿੱਲ, ਹੌਬੀ ਧਾਲੀਵਾਲ ਤੇ ਹੋਰਨਾਂ ਨੇ ਭਾਜਪਾ ਦਾ ਪੱਲਾ ਫੜਿਆ।ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਾਹੀ ਗਿੱਲ ਨੇ ਕਿਹਾ ਕਿ ਮੈਂ ਨਵੇਂ ਸਫਰ ਦੀ ਸ਼ੁਰੂਆਤ ਕਰ ਰਹੀ ਹਾਂ ਤੇ ਮੈਨੂੰ ਚੰਗਾ ਪਲਟਫਾਰਮ ਮਿਲਿਆ ਹੈ। ਮੈਂ ਕੇਂਦਰ ਅਤੇ ਪੰਜਾਬ ਵਿਚ ਪੁਲ ਬਣਨਾ ਚਾਹੁੰਦੀ ਹਾਂ। ਮੈਂ ਪੰਜਾਬ ਵਿਚ ਵਿਕਾਸ ਅਤੇ ਮਹਿਲਾਵਾਂ ਨਾਲ ਜੁੜੇ ਮੁੱਦੇ ਉਠਾਉਣਾ ਚਾਹੁੰਦੀ ਹਾਂ।