ਹੁਸ਼ਿਆਰਪੁਰ, 14 ਫਰਵਰੀ – ਹੁਸ਼ਿਆਰਪੁਰ ਵਿਖੇ ਆਯੋਜਿਤ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਅਆ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਬਹੁਤ ਅਹਿਮ ਹਨ। ਕੁੱਝ ਮਹੀਨੇ ਪਹਿਲਾਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਗਰੀਬ ਘਰ ਦੇ ਬੇਟੇ ਚੰਨੀ ਲੋਕਾਂ ਦੀਆਂ ਲੋੜਾਂ ਸਮਝਦੇ ਹਨ ਤੇ ਜੇ ਉਹ ਮੁੜ ਤੋਂ ਮੁੱਖ ਮੰਤਰੀ ਬਣੇ ਤਾਂ ਰਸੂਖਦਾਰਾਂ ਲਈ ਸਰਕਾਰ ਨਹੀਂ ਚਲਾਓਣਗੇ ਬਲਕਿ ਛੋਟੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੀ ਸਰਕਾਰ ਚਲਾਓਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅੱਜ ਰੋਜ਼ਗਾਰ, ਕਾਲੇ ਧਨ ਦੀ ਗੱਲ ਕਿਉਂ ਨਹੀਂ ਕਰਦੇ। ਨੋਟਬੰਦੀ ਤੋਂ ਬਾਅਦ ਜੀ.ਐੱਸ.ਟੀ ਦਾ ਫੈਸਲਾ ਬੇਹੱਦ ਗਲਤ ਸੀ ਤੇ ਨੋਟਬੰਦੀ ਨਾਲ ਕਿਸੇ ਵੀ ਸ਼ਖਸ ਨੂੰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 2-3 ਕਾਰੋਬਾਰੀਆ ਲਈ ਸਰਕਾਰ ਚਲਾ ਰਹੇ ਹਨ। ਪਹਿਲਾਂ ਭਾਜਪਾ ਨਸ਼ੇ ਨੂੰ ਨਕਾਰਦੀ ਸੀ ਤੇ ਹੁਣ ਨਸ਼ਾ ਮਿਟਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਸਾਲ ਕਿਸਾਨਾਂ ਦੀ ਗੱਲ ਨਹੀਂ ਸੁਣੀ। ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਲਈ 2 ਮਿੰਟ ਦਾ ਮੌਨ ਨਹੀਂ ਰੱਖਿਆ ਗਿਆ।ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ?