ਸਮਰਾਲਾ ਚ ਤੇਜ਼ਧਾਰ ਹਥਿਆਰਾਂ ਨਾਲ ਇਕ ਔਰਤ ਦਾ ਕਤਲ

ਸਮਰਾਲਾ ( )-ਦੇਰ ਰਾਤ ਸ਼ਹਿਰ ਦੇ ਡੱਬੀ ਬਾਜ਼ਾਰ ਇਲਾਕੇ ਵਿਚ ਇਕ ਪੈਂਤੀ ਸਾਲਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੂੰ ਕਤਲ ਕੀਤੇ ਜਾਂਦੀ ਇਹ ਘਟਨਾ ਅੱਜ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਮਕਾਨ ਮਾਲਕ ਨੇ ਇਸ ਔਰਤ ਨੂੰ ਮ੍ਰਿਤਕ ਅਵਸਥਾ ਵਿਚ ਪਈ ਹੋਈ ਵੇਖਿਆ। ਤੁਰੰਤ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੇ ਗਏ ਜਿਸ ਮਗਰੋਂ ਡੀਐੱਸਪੀ ਸਮਰਾਲਾ ਸਮੇਤ ਕਈ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਸ ਕਤਲ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ । ਡੀਐੱਸਪੀ ਸਮਰਾਲਾ ਹਰਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਔਰਤ ਦੀ ਪਹਿਚਾਣ ਲਖਵਿੰਦਰ ਕੌਰ ਉਰਫ ਲਾਡੀ ਉਮਰ ਪੈਂਤੀ ਸਾਲ ਵਾਸੀ ਪਿੰਡ ਘੁਲਾਲ ਵਜੋਂ ਹੋਈ ਹੈ। ਇਹ ਮ੍ਰਿਤਕ ਔਰਤ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਡੱਬੀ ਬਾਜ਼ਾਰ ਦੇ ਇਕ ਘਰ ਵਿੱਚ ਕਿਰਾਏ ਉੱਤੇ ਕਮਰਾ ਲੈ ਕੇ ਰਹਿੰਦੀ ਸੀ। ਇਸ ਔਰਤ ਦੀ ਗਰਦਨ ਤੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੇ ਕੱਟ ਲੱਗੇ ਹੋਏ ਹਨ ਅਤੇ ਔਰਤ ਦੇ ਪੇਟ ਤੇ ਵੀ ਕਿਸੇ ਤੇਜ਼ਧਾਰ ਹਥਿਆਰ ਦਾ ਨਿਸ਼ਾਨ ਹੈ । ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਬਹੁਤ ਹੀ ਡੂੰਘਾਈ ਨਾਲ ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਕਾਤਲ ਫੜੇ ਜਾਣਗੇ ।

Leave a Reply

Your email address will not be published. Required fields are marked *