ਮੁਕੇਰੀਆਂ, 22 ਮਾਰਚ – ਮੁਕੇਰੀਆਂ ਦੇ ਮਾਤਾ ਰਾਣੀ ਚੌਂਕ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਖੰਡ ਮਿੱਲ ਮੁਕੇਰੀਆਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਉਂਦੇ ਹੋਏ ਅਣਮਿੱਥੇ ਸਮੇ ਲਈ ਚੱਕਾ ਜਾਮ ਕੀਤਾ ਗਿਆ।ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਉਹ ਵਾਰ ਵਾਰ ਪ੍ਰਸ਼ਾਸਨ ਅਤੇ ਖੰਡ ਮਿੱਲ ਦੇ ਜੀ ਐਮ ਮੁਕੇਰੀਆਂ ਨੂੰ ਨੂੰ ਮਿਲ ਚੁੱਕੇ ਹਨ ਪ੍ਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਦ ਕਿ ਖੰਡ ਮਿੱਲ ਵੱਲ ਕਿਸਾਨਾਂ ਦੀ ਕਰੀਬ ਡੇਢ ਸੌ ਕਰੋੜ ਰੁਪਿਆ ਗੰਨੇ ਦੀ ਬਕਾਇਆ ਰਾਸ਼ੀ ਫਸੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹਰੇਕ ਸਾਲ ਕਿਸਾਨਾਂ ਨੂੰ ਆਪਣੇ ਗੰਨੇ ਦੀ ਅਦਾਇਗੀ ਲੈਣ ਲਈ ਰੋਸ ਧਰਨੇ ਦੇਣੇ ਪੈਂਦੇ ਹਨ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਤੁਰੰਤ ਕਰਵਾਏ।ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੇ ਚੱਲਦਿਆ ਸੜਕ ਉੱਪਰ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਸਹਿਣੀਆਂ ਪਈਆਂ।