ਜਲੰਧਰ, 15 ਮਈ – ਜਲੰਧਰ ਦੇ ਥਾਣਾ ਰਾਮਾਮੰਡੀ ‘ਚ ਪੈਂਦੇ ਨਿਊ ਉਪਕਾਰ ਨਗਰ ਵਿਖੇ ਪਤੀ ਪਤਨੀ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਔਰਤ ਪਤੀ ਨਾਲ ਆਪਣੇ ਪੇਕੇ ਘਰ ਆਈ ਹੋਈ ਸੀ ਤੇ ਦੋਵੇਂ ਮਕਸੂਦਾਂ ਦੇ ਰਹਿਣ ਵਾਲੇ ਸਨ। ਦੋਵਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਸਨ ਤੇ ਇਨ੍ਹਾਂ ਦੇ ਕੋਈ ਵੀ ਬੱਚਾ ਨਹੀਂ ਸੀ।ਮ੍ਰਿਤਕ ਔਰਤ ਨੂੰ ਅੱਜ ਸਵੇਰੇ ਹੀ ਸਿਹਤ ਖਰਾਬ ਹੋਣ ‘ਤੇ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਤੋਂ ਬਾਅਦ ਪਤੀ ਦੀ ਵੀ ਹਾਲਤ ਖਰਾਬ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ।