ਨਵੀਂ ਦਿੱਲੀ, 31 ਮਾਰਚ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਪਰ ਹਮਲੇ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਨੂੰ ਲੈ ਕੇ ਹੁਣ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਆਪਣੇ ਬਿਆਨ ਵਿਚ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਨਹੀਂ ਹੈ। ਮੈਂ ਬਹੁਤ ਛੋਟਾ ਜਿਹਾ ਆਦਮੀ ਹਾਂ ਤੇ ਦੇਸ਼ ਲਈ ਮੇਰੀ ਜਾਨ ਵੀ ਹਾਜ਼ਰ ਹੈ ਪਰ ਗੁੰਡਾਗਰਦੀ ਨਾਲ ਦੇਸ਼ ਅੱਗੇ ਵਧਣ ਵਾਲਾ ਨਹੀਂ। ਕੇਜਰੀਵਾਲ ਮੁਤਾਬਿਕ ਦੇਸ਼ ਦੀ ਸੱਤਾਧਾਰੀ ਪਾਰਟੀ ਜੇਕਰ ਦੇਸ਼ ਦੀ ਰਾਜਧਾਨੀ ਵਿੱਚ ਗੁੰਡਾਗਰਦੀ ਕਰੇਗੀ ਤਾਂ ਇਸ ਨਾਲ ਨੌਜਵਾਨਾਂ ‘ਚ ਕੀ ਸੰਦੇਸ਼ ਜਾਵੇਗਾ।ਦੱਸ ਦਈਏ ਕਿ ਕੇਜਰੀਵਾਲ ਦੇ ਘਰ ਉੱਪਰ ਹੋਏ ਹਮਲੇ ਨੂੰ ਲੈ ਕੇ ਦਿੱਲੀ ਦੇ ਵਿਧਾਇਕ ਸੌਰਵ ਭਾਰਦਵਾਜ਼ ਨੇ ਦਿੱਲੀ ਹਾਈਕੋਰਟ ਦਾ ਰੁਖ ਕੀਤਾ ਹੈ। ਸੌਰਵ ਭਾਰਦਵਾਜ਼ ਨੇ ਦਾਇਰ ਪਟੀਸ਼ਨ ਵਿਚ ਕਿਹਾ ਹੈ ਕਿ ਦਿੱਲੀ ਪੁਲਿਸ ਨੇ ਭਾਜਪਾ ਦੇ ਗੁੰਡਿਆ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਤੇ ਗੁੰਡਿਆ ਨੂੰ ਕੇਜਰੀਵਾਲ ਦੇ ਘਰ ਦੇ ਬਾਹਰ ਆਸਾਨੀ ਨਾਲ ਜਾਣ ਦਿੱਤਾ। ਉਨ੍ਹਾਂ ਧਾਰਾ 226 ਤਹਿਤ ਦਿੱਲੀ ਪੁਲਿਸ ਉੱਪਰ ਐੱਫ.ਆਈ.ਆਰ ਕਰਨ ਅਤੇ ਪੂਰੇ ਮਾਮਲੇ ਦੀ ਜਾਂਚ ਲਈ ਸੁੰਤਤਰ ਐੱਸ.ਆਈ.ਟੀ ਦੀ ਮੰਗ ਕੀਤੀ ਹੈ।