ਫਗਵਾੜਾ, 5 ਅਪ੍ਰੈਲ (ਐਮ.ਐੱਸ.ਰਾਜਾ) – ਫਗਵਾੜਾ ਵਿਖੇ 13 ਅਪ੍ਰੈਲ 2018 ਨੂੰ ਵਾਪਰੇ ਗੋਲੀ ਕਾਂਡ ਦੇ ਮਾਮਲੇ ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਿਛਲੇ 4 ਸਾਲਾ ਤੋਂ ਜੇਲ ਵਿੱਚ ਬੰਦ ਇੰਦਰਜੀਤ ਕਰਵਲ ਨੂੰ ਵੱਡੀ ਰਾਹਤ ਦਿੱਤੀ ਗਈ ਹੈ।ਮਾਣਯੋਗ ਹਾਈਕੋਰਟ ਵੱਲੋਂ ਇੰਦਰਜੀਤ ਕਰਵਲ ਨੂੰ 25 ਅਪ੍ਰੈਲ ਤੱਕ ਕੱਚੀ ਜਮਾਨਤ ਦਿੱਤੀ ਗਈ ਹੈ ਤੇ 25 ਅਪ੍ਰੈਲ ਨੂੰ ਮੁੜ ਤੋਂ ਹਾਈਕੋਰਟ ਵਿੱਚ ਪੇਸ਼ ਹੋਣ ਦੇ ਅਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਹੀ ਪੱਕੀ ਜਮਾਨਤ ਬਾਰੇ ਮਾਣਯੋਗ ਹਾਈਕੋਰਟ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ। ਦੱਸ ਦਈਏ ਕਿ ਫਗਵਾੜਾ ਵਿਖੇ 13 ਅਪ੍ਰੈਲ 2018 ਨੂੰ ਗੋਲ ਚੌਂਕ ਦਾ ਨਾਂ ਸੰਵਿਧਾਨ ਚੌਂਕ ਰੱਖੇ ਜਾਣ ਨੂੰ ਲੈ ਕੇ ਦਲਿਤ ਸਮਾਜ ਤੇ ਹਿੰਦੂ ਸੰਗਠਨਾਂ ਦਰਮਿਆਨ ਹੋਏ ਝਗੜੇ ਦੋਰਾਨ ਚੱਲੀਆਂ ਗੋਲੀਆਂ ਨਾਲ ਯਸ਼ਵੰਤ ਬੌਬੀ ਨਾਂਅ ਦੇ ਨੌਜ਼ਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਫਗਵਾੜਾ ਸ਼ਹਿਰ ਵਿੱਚ ਮਾਹੌਲ ਕਾਫੀ ਤਨਾਅਪੂਰਨ ਬਣਿਆ ਰਿਹਾ ਸੀ। ਇਸ ਦੌਰਾਨ ਫਗਵਾੜਾ ਪੁਲਿਸ ਵੱਲੋਂ ਦੋਵੇਂ ਧਿਰਾ ਖਿਲਾਫ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।ਪੁਲਿਸ ਨੇ ਦੂਸਰੀ ਧਿਰ ਦੇ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਰਾਜੂ ਚਹਿਲ ਅਤੇ ਸ਼ਿਵੀ ਬੱਤਾ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜੇਲ ਵਿੱਚ ਭੇਜ ਦਿੱਤਾ ਸੀ।