ਅੰਮ੍ਰਿਤਸਰ, 10 ਅਪ੍ਰੈਲ – ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਆਈ.ਪੀ.ਐੱਸ ਅਧਿਕਾਰੀ ਅਰੁਣ ਪਾਲ ਸਿੰਘ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਆਈ.ਪੀ.ਐੱਸ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀ.ਜੀ.ਪੀ ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੀਤੀਆਂ ਇਨ੍ਹਾਂ ਨਿਯੁਕਤੀਆਂ ‘ਤੇ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਅਧਿਕਾਰੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ ਦਾ ਹਿੱਸਾ ਸਨ, ਜਿਸ ਨੂੰ ਕਿ ਬਾਅਦ ਵਿਚ ਹਾਈਕੋਰਟ ਨੇ ਭੰਗ ਕਰ ਦਿੱਤਾ ਸੀ। ਇਸ ਐੱਸ.ਆਈ.ਟੀ ਦਾ ਮੈਂ ਵੀ ਇੱਕ ਹਿੱਸਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਅਧਿਕਾਰੀਆਂ ਨੇ ਵੱਡੇ ਸਿਆਸੀ ਪਰਿਵਾਰਾਂ ਦਾ ਪੱਖ ਪੂਰਿਆ ਸੀ ਤੇ ਇਨ੍ਹਾਂ ਕਰਕੇ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੇ ਚੱਲਦਿਆਂ ਹੀ ਮੈਂ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰ ਪਾਸੋਂ ਇਨ੍ਹਾਂ ਨਿਯੁਕਤੀਆਂ ਉੱਪਰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਬੇਅਦਬੀ ਮਾਮਲੇ ‘ਚ ਸਰਕਾਰ ਦੀ ਮੰਸ਼ਾਂ ਉੱਪਰ ਸਵਾਲ ਨਾ ਖੜੇ ਹੋਣ ਕਿਉਕਿ ਪੀੜਤਾਂ ਨੂੰ ਸਰਕਾਰ ਤੋਂ ਇਨਸਾਫ ਮਿਲਣ ਦੀ ਬਹੁਤ ਆਸ ਹੈ।