ਜਲੰਧਰ, 13 ਅਪ੍ਰੈਲ
ਪੀਟੀਸੀ ਨੈੱਟਵਰਕ ਦੇ ਖ਼ਿਲਾਫ਼ ਮੁਹਾਲੀ ਵਿੱਚ ਦਰਜ ਕੀਤੇ ਗਏ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਪੂਰੇ ਸੂਬੇ ਵਿਚ ਜ਼ੋਰ ਫੜਦੀ ਜਾ ਰਹੀ ਹੈ । ਇਸੇ ਕੜੀ ਵਿਚ ਅੱਜ ਜਲੰਧਰ ਦੇ ਸੀਨੀਅਰ ਪੱਤਰਕਾਰਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਕੀਤੀ । ਪੱਤਰਕਾਰਾਂ ਲਈ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਉਕਤ ਮਾਮਲੇ ਦੀ ਨਿਰਪੱਖ ਕਾਰਵਾਈ ਦੀ ਮੰਗ ਕੀਤੀ । ਸਮੂਹ ਪੱਤਰਕਾਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਪੀਟੀਸੀ ਨੈੱਟਵਰਕ ਨੂੰ ਇਕ ਸਾਜ਼ਿਸ਼ ਤਹਿਤ ਝੂਠੇ ਕੇਸ ਵਿਚ ਫਸਾਇਆ ਗਿਆ ਹੈ । ਅਦਾਰੇ ਵੱਲੋਂ ਪੁਲੀਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਘਟਨਾ ਨਾਲ ਸਬੰਧਤ ਪੂਰੀ ਸੀਸੀਟੀਵੀ ਫੁਟੇਜ ਅਤੇ ਡੀਵੀਆਰ ਪੁਲੀਸ ਨੂੰ ਦਿੱਤੇ ਜਾ ਚੁੱਕੇ ਹਨ ਪਰ ਉਨ੍ਹਾਂ ਤੱਥਾਂ ਦੀ ਘੋਖ ਕਰਨ ਦੀ ਬਜਾਏ ਪੀਟੀਸੀ ਨੈੱਟਵਰਕ ਦੇ ਐਮਡੀ ਨੂੰ ਗ੍ਰਿਫ਼ਤਾਰ ਕਰਕੇ ਇਕਪਾਸੜ ਕਾਰਵਾਈ ਕੀਤੀ ਗਈ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਪੀਟੀਸੀ ਨੈੱਟਵਰਕ ਖ਼ਿਲਾਫ਼ ਕੋਈ ਕਾਰਵਾਈ ਮੀਡੀਆ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ । ਅਜਿਹਾ ਕਰਕੇ ਦੂਸਰੇ ਮੀਡੀਆ ਅਦਾਰਿਆਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਪੱਤਰਕਾਰ ਭਾਈਚਾਰੇ ਵੱਲੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੱਤਰਕਾਰ ਭਾਈਚਾਰੇ ਨੇ ਇਕਸੁਰਤਾ ਵਿੱਚ ਆਖਿਆ ਕਿ ਜਦੋਂ ਅਦਾਰਾ ਪੀਟੀਸੀ ਨੈੱਟਵਰਕ ਮਾਮਲੇ ਦੀ ਜਾਂਚ ਵਿਚ ਪੂਰਾ ਸਹਿਯੋਗ ਕਰ ਰਿਹਾ ਹੈ ਤਾਂ ਪੁਲੀਸ ਵੱਲੋਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ। ਪੱਤਰਕਾਰਾਂ ਨੇ ਕਿਹਾ ਕਿ ਜੇਕਰ ਪੀਟੀਸੀ ਨੈੱਟਵਰਕ ਦੇ ਕਿਸੇ ਵੀ ਵਿਅਕਤੀ ਦਾ ਕੋਈ ਦੋਸ਼ ਸਿੱਧ ਹੁੰਦਾ ਹੈ ਤਾਂ ਉਸ ਖ਼ਿਲਾਫ਼ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਕਪਾਸੜ ਕਾਰਵਾਈ ਕਰ ਕੇ ਮੀਡੀਆ ਅਦਾਰੇ ਤੇ ਦਬਾਅ ਬਣਾਉਣ ਅਤੇ ਮੀਡੀਆ ਦੀ ਆਜ਼ਾਦੀ ਤੇ ਹਮਲਾ ਕਰਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਕਦੇ ਵੀ ਸਹਿਣ ਨਹੀਂ ਕੀਤੀਆਂ ਜਾਣਗੀਆਂ। ਇਸ ਵਫ਼ਦ ਵਿੱਚ ਪ੍ਰਿੰਟ ਐਂਡ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸੁਰਿੰਦਰਪਾਲ, ਡੇਲੀ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਰੈਜ਼ੀਡੈਂਟ ਐਡੀਟਰ ਸੰਦੀਪ ਕੌਲ, ਪ੍ਰਭਾਤ ਟਾਈਮਜ਼ ਦੇ ਸੰਪਾਦਕ ਪ੍ਰੀਤ ਸੂਜੀ, ਪੰਜਾਬੀ ਬੁਲੇਟਨ ਦੇ ਸੰਪਾਦਕ ਇਮਰਾਨ ਖ਼ਾਨ, ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨੀਸ਼ ਸ਼ਰਮਾ, ਜੇ ਐਸ ਸੋਢੀ ਬਿਊਰੋ ਚੀਫ ਅਕਾਲੀ ਪੱਤ੍ਰਿਕਾ, ਰਮੇਸ਼ ਗਾਬਾ ਸੀਨੀਅਰ ਪੱਤਰਕਾਰ ਟਰਾਂਸਲਿੰਕ ਟਾਈਮਜ਼, ਪੀਟੀਸੀ ਨਿਊਜ਼ ਦੇ ਪ੍ਰਿੰਸੀਪਲ ਕੌਰੈਸਪੌਂਡੈਂਟ ਪਤਰਸ ਮਸੀਹ ਅਤੇ ਹੋਰ ਪੱਤਰਕਾਰ ਸਾਥੀ ਮੌਜੂਦ ਸਨ।