ਪਾਂਸ਼ਟਾ, 13 ਅਪ੍ਰੈਲ (ਰਜਿੰਦਰ) ਸਮਾਧ ਸਤਿ ਬਾਬਾ ਕਾਲੂ ਜੀ ਪਿੰਡ ਪਾਂਸ਼ਟਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਨੂੰ ਲੈ ਕੇ ਰਾਤ ਤੋਂ ਹੀ ਸ਼ਰਧਾਲੂ ਸਰੋਵਰ ਵਿਚ ਇਸ਼ਨਾਨ ਕਰਕੇ ਪਵਿੱਤਰ ਅਸਥਾਨ ‘ਤੇ ਮੱਥਾ ਟੇਕ ਰਹੇ ਸਨ ਜਦਕਿ ਸਵੇਰ ਤੋਂ ਹੀ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਵਿਸਾਖੀ ਨੂੰ ਲੈ ਕੇ 11 ਅਪ੍ਰੈਲ ਤੋਂ ਰਾਮਾਇਣ ਦੇ ਪਾਠ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭੋਗ ਅਗਲੇ ਦਿਨ ਪਾਏ ਗਏ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ। ਉਪਰੰਤ ਚੱਲੇ ਧਾਰਮਿਕ ਸਮਾਗਮ ਦੌਰਾਨ ਕਲਾਕਾਰਾਂ ਨੇ ਧਾਰਮਿਕ ਗੀਤਾਂ ਰਾਹੀ ਹਾਜ਼ਰ ਸ਼ਰਧਾਲੂਆਂ ਨੂੰ ਨਿਹਾਲ ਕੀਤਾ।ਵਿਸਾਖੀ ਦੇ ਤਿਉਹਾਰ ਮੌਕੇ ਭਾਰੀ ਗਿਣਤੀ ਵਿਚ ਦੂਰ ਦੁਰਾਂਡੇ ਤੋਂ ਸ਼ਰਧਾਲੂਆਂ ਨੇ ਸਮਾਧ ਸਤਿ ਬਾਬਾ ਕਾਲੂ ਵਿਖੇ ਪਹੁੰਚ ਕੇ ਮੱਥਾ ਟੇਕਿਆ।ਸ਼ਰਧਾਲੂਆਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਅੰਤ ਵਿਚ ਪ੍ਰਬੰਧਕਾਂ ਨੇ ਸਮਾਧ ਸਤਿ ਬਾਬਾ ਕਾਲੂ ਪਹੁੰਚੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆ ਸਮੂਹ ਸ਼ਰਧਾਲੂਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ।