ਚੰਡੀਗੜ੍ਹ, 22 ਅਪ੍ਰੈਲ – ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਅਹੁਦਾ ਸੰਭਾਲਿਆ। ਦੋਵਾਂ ਦੇ ਪਾਰਟੀ ਦੇ ਸੂਬਾਈ ਮੁੱਖ ਦਫਤਰ ਚੰਡੀਗੜ੍ਹ ਵਿਖੇ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਸਾਧੇ ਸਮਾਗਮ ਦੌਰਾਨ ਅਹੁਦਾ ਸੰਭਾਲਿਆ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਹਾਜ਼ਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਸੀਨੀਅਰ ਆਗੂਆਂ ਦਾ ਪਾਰਟੀ ‘ਚ ਵੱਡਾ ਯੋਗਦਾਨ ਹੈ ਤੇ ਸੀਨੀਅਰ ਆਗੂ ਉਨ੍ਹਾਂ ਨੂੰ ਸੇਧ ਦਿੰਦੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਅਨੁਸ਼ਾਸਨ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ ਮਨਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚੱਲਦੀ ਬਲਕਿ ਇਕੱਠੇ ਹੋ ਕੇ ਹੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ।ਦੱਸ ਦਈਏ ਕਿ ਗਿੱਦੜਬਾਹਾ ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਅਤੇ ਸਾਬਕਾ ਟਰਾਂਸਪੋਰਟ ਮੰਤਰੀ 44 ਸਾਲਾ ਵੜਿੰਗ ਨੂੰ 9 ਅਪ੍ਰੈਲ ਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਪਾਰਟੀ ਦੀ ਸੂਬਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।