ਟਾਂਡਾ ਉੜਮੁੜ, 28 ਅਪ੍ਰੈਲ – ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦੇ ਪਿੰਡ ਕੁਰਾਲਾ ਵਿਖੇ ਮਾਹੌਲ ਉਸ ਸਮੇਂ ਦਹਿਸ਼ਤ ਵਾਲਾ ਬਣ ਗਿਆ ਜਦੋਂ ਚਚੇਰੇ ਭਰਾ ਨੇ ਵੱਡੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਵਜ਼ੋ ਹੋਈ ਹੈ। ਮ੍ਰਿਤਕ ਹਰਪ੍ਰੀਤ ਸਿੰਘ ਦੇ ਚਾਚਾ ਨੇ ਦੱਸਿਆ ਕਿ ਹਰਪ੍ਰੀਤ ਦੇ ਮੁਰਗੀਖਾਨੇ ‘ਚ ਜ਼ਹਿਰੀਲੀ ਚੀਜ਼ ਖਾਣ ਨਾਲ ਇੱਕ ਮੁਰਗੀ ਮਾਰ ਗਈ ਸੀ, ਜਿਸ ਦਾ ਸ਼ੱਕ ਉਹ ਆਪਣੇ ਚਚੇਰੇ ਭਰਾ ਅਮਨਦੀਪ ‘ਤੇ ਕਰਦਾ ਸੀ। ਇਸ ਦੌਰਾਨ ਸਵੇਰੇ ਅਮਨਦੀਪ ਜਦੋਂ ਹਰਪ੍ਰੀਤ ਦੇ ਮੁਰਗੀਖਾਨੇ ‘ਚ ਵੜ ਕੇ ਮੁਰਗੀਆਂ ਨੂੰ ਕੋਈ ਚੀਜ਼ ਪਾ ਰਿਹਾ ਸੀ ਤਾਂ ਹਰਪ੍ਰੀਤ ਮੌਕੇ ‘ਤੇ ਪਹੁੰਚ ਗਿਆ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਕਾਫੀ ਝਗੜਾ ਹੋਇਆ ਤੇ ਸ਼ਰੀਕ ਭਾਈਚਾਰੇ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਝਗੜਾ ਕਰਨ ਤੋਂ ਹਟਾ ਲਿਆ। ਪਰੰਤੂ ਬਾਅਦ ਵਿਚ ਅਮਨਦੀਪ ਘਰੋ ਦੋਨਾਲੀ ਲੈ ਆਇਆ ਜਿਸ ਨੇ ਕਿ ਹਵਾਈ ਫਾਇਰ ਕਰਦੇ ਹੋਏ ਹਰਪ੍ਰੀਤ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਹਰਪ੍ਰੀਤ ਨੂੰ ਟਾਂਡਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਓਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਡੀ.ਐੱਸ.ਪੀ ਟਾਂਡਾ ਰਾਜ ਕੁਮਾਰ ਨੇ ਕਿਹਾ ਕਿ ਦੋਸ਼ੀ ਮੌਕੇ ਤੋਂ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।