ਫਗਵਾੜਾ 30 ਅਪ੍ਰੈਲ 2022 :- ਪੰਜਾਬ ਦੇ ਲੋਕਾਂ ਨੇ ਜਿਹਨਾਂ ਤਾਕਤਾਂ ਨੂੰ ,ਪੰਜਾਬ ਨੂੰ ਤਬਾਹ ਕਰਨ ਦੇ ਇਵਜ਼ ਵਿੱਚ ਵਿਹਲੇ ਕਰਕੇ ਬਿਠਾ ਦਿੱਤਾ ਹੈ, ਉਹ ਪੰਜਾਬ ਦੇ ਵਿਕਾਸ ਨੂੰ ਲੀਹੋਂ ਚੜ੍ਹਨੋ ਰੋਕਣ ਲਈ ਅਤੇ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਪੰਜਾਬ ਦੀ ਭਾਈਚਾਰਕ ਸਾਂਝ ਤਬਾਹ ਕਰਨ ਦੇ ਕੋਝੇ ਹੱਥਕੰਡਿਆਂ ਤੇ ਉਤਰ ਆਏ ਹਨ , ਪਰ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਦੰਗੇ ਆਪ-ਮੁਹਾਰੇ ਨਹੀਂ ਹੁੰਦੇ ਸਗੋਂ ਗਿਣ-ਮਿਥ ਕੇ ਕਰਵਾਏ ਜਾਂਦੇ ਹਨ ਪੰਜਾਬ ਦੇ ਲੋਕਾਂ ਨੂੰ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੇ ਜਰਨਲ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਸਮਾਂ ਆ ਗਿਆ ਹੈ ਅਤੇ ਲੋਕੀਂ ਉਹਨਾਂ ਤਾਕਤਾਂ ਦੀ ਪਹਿਚਾਣ ਕਰ ਚੁੱਕੇ ਹਨ , ਜਿਹਨਾਂ ਨੇ 70 ਸਾਲ ਪੰਜਾਬ ਨੂੰ ਤਬਾਹ ਕੀਤਾ ਤੇ ਅਜੇ ਵੀ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਪੱਬਾਂ ਭਾਰ ਹੋਈ ਸ੍ਰ• ਭਗਵੰਤ ਸਿੰਘ ਮਾਨ ਦੀ ਸਰਕਾਰ ਲਈ ਰਾਹ ਦੇ ਰੋੜੇ ਅਟਕਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ! ਉਹਨਾਂ ਕਿਹਾ ਕਿ ਪੰਜਾਬੀ 1947 ਅਤੇ 1984 ਦੇ ਦੰਗਿਆਂ ਤੋਂ ਸਿੱਖਿਆ ਸਬਕ ਕਦੇ ਹੱਥੋਂ ਨਹੀਂ ਜਾਣ ਦੇਣਗੇ ਅਤੇ ਹਰ ਹਾਲਤ ਵਿਚ ਭਾਈਚਾਰਕ- ਏਕਤਾ ਬਣਾਈ ਰੱਖਣ ਲਈ ਪੂਰੀ ਵਾਹ ਲਾ ਦੇਣਗੇ!
ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿਕਾਸ ਨੂੰ ਜਾਂਦੇ ਮਾਰਗ ਤੋਂ ਭਟਕਾ ਕੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਨੂੰ ਉਲਝਾਉਣ ਦੀ ਸੋਚੀ ਸਮਝੀ ਸਾਜ਼ਿਸ਼ ਹੈ! ਆਮ ਆਦਮੀ ਪਾਰਟੀ ਦੀ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ ਪਰ ਧਾਰਮਕ ਤੇ ਸਮਾਜਕ ਏਕਤਾ ਨੂੰ ਲੀਰੋ-ਲੀਰ ਕਰਨ ਵਾਲੀਆਂ ਤਾਕਤਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ! ਨਿਰਮਲ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕੇ ਸੱਤਰ ਵਰ੍ਹੇ ਰਾਜ ਕਰਨ ਵਾਲੀਆਂ ਅਤੇ ਲੋਕਾਂ ਦਾ ਘਰ ਲੁੱਟ- ਲੁੱਟ ਆਪਣੇ ਮਹਿਲ ਖੜ੍ਹੇ ਕਰਨ ਵਾਲੀਆਂ ਸਿਆਸੀ ਜੁੰਡਲੀਆਂ ਅੱਜ ਇਮਾਨਦਾਰੀ ਨਾਲ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਲੋਕ ਮਸਲਿਆਂ ਨੂੰ ਹੱਲ ਕਰਨ ਤੁਰੀ ਸਰਕਾਰ ਤੇ ਪੰਜਾਬ ਨੂੰ ਵੇਚਣ ਦੇ ਇਲਜ਼ਾਮ ਲਾ ਰਹੇ ਹਨ! ਉਹਨਾਂ ਵਿਰੋਧੀ ਧਿਰਾਂ ਨੂੰ ਵੀ ਖਾਹ ਮਖਾਹ ਦਾ ਰੌਲਾ ਬੰਦ ਕਰਕੇ ਪੰਜਾਬ ਦੀ ਸਰਕਾਰ ਨੂੰ ਸਹਿਯੋਗ ਦੇਣ ਲਈ ਕਿਹਾ! ਪੰਜਾਬ ਦੇ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਉਹ ਇਨ੍ਹਾਂ ਲੋਕ ਵਿਰੋਧੀ ਤਾਕਤਾਂ ਨੂੰ ਖਦੇੜਨ ਦੇ ਲਈ ਇਕਮੁੱਠ ਹੋ ਕੇ ਸਰਕਾਰ ਨਾਲ ਖੜ੍ਹਨ ਅਤੇ ਅਜਿਹੇ ਅਨਸਰਾਂ ਦੀ ਸਖਤੀ ਨਾਲ ਪਹਿਚਾਣ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਗੇ ਆਉਣ