ਚੰਡੀਗੜ੍ਹ, 5 ਮਈ – ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਮੰਗ ਪੱਤਰ ਸੌਂਪਿਆ ਤੇ ਮੰਗ ਪੱਤਰ ਰਾਹੀ ਰਾਜਪਾਲ ਪੰਜਾਬ ਪਾਸੋਂ 2 ਮੰਗਾਂ ਕੀਤੀਆਂ।ਪਹਿਲੀ ਮੰਗ ਅਨੁਸਾਰ ਜਦੋਂ ਦੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਪੰਜਾਬ ਵਿਚ ਫਿਰਕੂ ਹਿੰਸਾ ਸ਼ੁਰੂ ਹੋ ਗਈ ਹੈ। ਪਟਿਆਲਾ ਹਿੰਸਾ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਪੁਲਿਸ ਅਤੇ ਇੰਟੈਲੀਜੈਂਸ ਤੋਂ ਜਾਣਕਾਰੀ ਮਿਲੀ ਪਰ ਕੋਈ ਕਾਰਵਾਈ ਨਹੀਂ ਹੋਈ ਜਦਕਿ ਰਾਘਵ ਚੱਢਾ ਨੇ ਮੁੱਖ ਮੰਤਰੀ ਤੋਂ ਪਹਿਲਾਂ ਬਿਆਨ ਦੇ ਦਿੱਤਾ।ਬਾਅਦ ਵਿਚ ਬਿਆਨ ਬਦਲ ਨੇ ਸਿਆਸੀ ਬਿਆਨ ਦੇਣਾ ਸ਼ੁਰੂ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਇਸ ਵਿਚ ਸਰਕਾਰ ਦਾ ਹੱਥ ਹੈ ਤੇ ਉਨ੍ਹਾਂ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਜਾਂ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ। ਦੂਜੀ ਮੰਗ ਅਨੁਸਾਰ ਜਦੋਂ ਵੀ ਕੋਈ ਸਰਕਾਰ ਸਹੁੰ ਚੁੱਕਦੀ ਹੈ ਤਾਂ ਜਾਣਕਾਰੀ ਨਾ ਦੇਣ ਦੀ ਸ਼ਰਤ ਹੁੰਦੀ ਹੈ ਪਰੰਤੂ ਸਰਕਾਰ ਨੇ ਗੈਰ ਸੰਵਿਧਾਨਿਕ ਤਰੀਕਾ ਲੱਭ ਲਿਆ ਹੈ ਤੇ ਉਨ੍ਹਾਂ ਨੇ ਦਿੱਲੀ ਨਾਲ ਐਮ.ਓ.ਯੂ ਕੀਤਾ ਹੈ।ਪੰਜਾਬ ਵਿਚ ਦਿਨੋ ਦਿਨ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਸਰਕਾਰ ਦਾ ਜ਼ੋਰ ਪ੍ਰਚਾਰ ‘ਤੇ ਲੱਗਿਆ ਹੋਇਆ ਹੈ। ਅਕਾਲੀ ਦਲ ਵੱਲੋਂ ਇਸ ਨੂੰ ਲੈ ਕੇ ਆਰ.ਟੀ.ਆਈ ਵੀ ਪਾਈ ਜਾਵੇਗੀ। ਉਨ੍ਹਾਂ ਰਾਜਪਾਲ ਪਾਸੋ ਮੰਗ ਕੀਤੀ ਕਿ ਸਹੁੰ ਦੀ ਉਲੰਘਣਾ ਕਰਨ ‘ਤੇ ਮੁੱਖ ਮੰਤਰੀ ਅਤੇ ਉਸ ਦੀ ਸਰਕਾਰ ਉੱਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਬਰਖਾਸਤ ਕੀਤਾ ਜਾਵੇ।