ਕਰਨਾਲ, 5 ਮਈ – ਹਰਿਆਣਾ ਦੀ ਕਰਨਾਲ ਜ਼ਿਲ੍ਹੇ ਦੀ ਪੁਲਿਸ ਨੇ ਨੈਸ਼ਨਲ ਹਾਈਵੇ ਤੋਂ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀ ਇਨੋਵਾ ਕਾਰ ਵਿਚ ਜਾ ਰਹੇ ਸਨ ਤੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਸ਼ੱਕੀ ਅੱਤਵਾਦੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਪਰਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਵਜ਼ੋ ਹੋਈ ਹੈ ਜਿਨ੍ਹਾਂ ‘ਚੋਂ 3 ਫ਼ਿਰੋਜ਼ਪੁਰ ਅਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਇਨ੍ਹਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ੱਕੀ ਅੱਤਵਾਦੀਆਂ ਨੇ ਹਥਿਆਰਾਂ ਦੀ ਸਪਲਾਈ ਤੇਲੰਗਾਣਾ ਕਰਨੀ ਸੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਤੋਂ 3 ਆਈ.ਈ.ਡੀ. ਐੱਸ., 1 ਦੇਸੀ ਪਿਸਤੌਲ, 31 ਕਾਰਤੂਸ, 1 ਲੱਖ 30 ਹਜ਼ਾਰ ਰੁਪਏ ਨਕਦ, 6 ਮੋਬਾਇਲ ਫੋਨ ਬਰਾਮਦ ਹੋਏ ਹਨ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।