ਜੈਪੁਰ, 16 ਮਈ – ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ‘ਚ ਕਰਨਾ ਪਿੰਡ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਇੱਕ ਲੜਾਈ ਚੱਲ ਰਹੀ ਹੈ।ਅਸੀਂ ਲੋਕਾਂ ਨੂੰ ਜੋੜਦੇ ਹਾਂ, ਉਹ (ਭਾਜਪਾ) ਲੋਕਾਂ ਨੂੰ ਵੰਡਦੇ ਹਨ। ਅਸੀਂ ਕਮਜ਼ੋਰਾਂ ਦੀ ਮਦਦ ਕਰਦੇ ਹਾਂ ਤੇ ਉਹ ਚੁਣੇ ਹੋਏ ਉਦਯੋਗਪਤੀਆਂ ਦੀ।ਭਾਜਪਾ ਸਰਕਾਰ ਨੇ ਸਾਡੀ ਅਰਥਵਿਵਸਥਾ ਉੱਪਰ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਨੋਟਬੰਦੀ ਅਤੇ ਗਲਤ ਜੀ.ਐੱਸ.ਟੀ ਲਾਗੂ ਕਰਕੇ ਸਾਡੀ ਅਰਥ ਵਿਵਸਥਾ ਨੂੰ ਤਬਾਹ ਕਰ ਦਿੱਤਾ।ਪਹਿਲਾਂ ਯੂ.ਪੀ.ਏ ਸਰਕਾਰ ਨੇ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਪਰੰਤੂ ਭਾਜਪਾ ਅਤੇ ਪ੍ਰਧਾਨ ਮੰਤਰੀ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਹੈ। ਅੱਜ ਦੇਸ਼ ਦੀ ਸਥਿਤੀ ਅਜਿਹੀ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਭਾਜਪਾ 2 ਭਾਰਤ ਬਣਾਉਣਾ ਚਾਹੁੰਦੀ ਹੈ। ਇੱਕ ਅਮੀਰਾਂ, 2-3 ਉਦਯੋਗਪਤੀਆਂ ਲਈ ਜਦਕਿ ਦੂਸਰਾ ਗਰੀਬਾਂ, ਆਦੀਵਾਸੀਆਂ, ਦਲਿਤਾਂ, ਪਛੜਿਆਂ ਅਤੇ ਕਮਜ਼ੋਰਾਂ ਲਈ। ਸਾਨੂੰ 2 ਭਾਰਤ ਨਹੀਂ ਚਾਹੀਦੇ, ਅਸੀਂ ਇੱਕ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਹਰ ਇੱਕ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਮਿਲੇ।