ਗੁਰਾਇਆ 26 ਮਈ (ਮੁਨੀਸ਼)-ਕ੍ਰਿਸ਼ਚਨ ਭਾਈਚਾਰੇ ਵੱਲੋਂ ਅੱਜ ਜਨਾਜ਼ਾ ਰੋਕ ਕੇ ਨਗਰ ਕੌਂਸਲ ਗੁਰਾਇਆ ਅਤੇ ਸਰਕਾਰਾਂ ਖ਼ਿਲਾਫ਼ ਆਪਣਾ ਗੁੱਸਾ ਜੰਮ ਕੇ ਜ਼ਾਹਰ ਕੀਤਾ । ਸ਼ਹਿਰ ਵਿਖੇ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਲੋਕ ਸ਼ਕਤੀ ਮਸੀਹੀ ਦਲ ਪੰਜਾਬ ਦੇ ਪ੍ਰਧਾਨ ਡੈਨੀਅਲ ਮਸੀਹ ਦੀ ਮਾਤਾ ਦਾ ਦੇਹਾਂਤ ਹੋ ਗਿਆ ।ਇਸ ਮੌਕੇ ਸਮੂਹ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਆ ਕੇ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਉਸ ਵੇਲੇ ਘਟਨਾਕਰਮ ਜੋ ਸਾਹਮਣੇ ਆਏ ਉਹ ਬੜੇ ਹੈਰਾਨੀਜਨਕ ਤੇ ਪ੍ਰੇਸ਼ਾਨ ਕਰਨ ਵਾਲੇ ਸਨ । ਜਦੋਂ ਘੱਟ ਗਿਣਤੀ ਸਮਾਜ ਕ੍ਰਿਸਚਨ ਅਤੇ ਮੁਸਲਿਮ ਭਾਈਚਾਰੇ ਦੇ ਮੁੱਖ ਆਗੂਆਂ ਜਿਨ੍ਹਾਂ ਵਿਚ ਸਲੀਮ ਸੁਲਤਾਨੀ ਮੈਂਬਰ ਸਲਾਹਕਾਰ ਕਮੇਟੀ ਘੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਨੇ ਦੇਖਿਆ ਕਿ ਅੱਜ ਗੁਰਾਇਆ ਵਿਖੇ ਕ੍ਰਿਸ਼ਚਨ ਭਾਈਚਾਰੇ ਜਿਨ੍ਹਾਂ ਦੇ ਘਰ ਵਿੱਚ ਦੁਖਦਾਈ ਘਟਨਾ ਵਾਪਰੀ ਹੈ । ਉਹ ਵਿਛੜੀ ਹੋਈ ਰੂਹ ਨੂੰ ਬਹੁਤ ਹੀ ਭਰੇ ਮਨ ਨਾਲ ਦੂਸਰੇ ਸ਼ਹਿਰ ਫਿਲੌਰ ਵਿਖੇ ਧਾਰਮਿਕ ਰਸਮ ਰਿਵਾਜ ਮੁਤਾਬਕ ਦਫਨ ਕਰਨ ਲਈ ਲੈ ਕੇ ਜਾ ਰਹੇ ਹਨ । ਇਸ ਸਬੰਧੀ ਸਲੀਮ ਸੁਲਤਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਾਇਆ ਸ਼ਹਿਰ ਦੇ ਵਿੱਚ ਮਸੀਹੀ ਭਾਈਚਾਰੇ ਨੂੰ ਮ੍ਰਿਤਕ ਦੇਹ ਨੂੰ ਦਫ਼ਨਾਉਣ ਲਈ ਲਈ ਕੋਈ ਵੀ ਕਬਰਸਤਾਨ ਨਹੀਂ ਹੈ ।ਇਸ ਦਾ ਮੁੱਖ ਕਾਰਨ ਸ਼ਹਿਰ ਗੁਰਾਇਆ ਵਿਖੇ ਸਰਕਾਰਾਂ ਦੀ ਨਾਕਾਮੀ ਅਤੇ ਘੱਟ ਗਿਣਤੀ ਸਮਾਜ ਨੂੰ ਅੱਖੋਂ ਪਰੋਖੇ ਕਰਨ ਕਰਕੇ ਇਹੋ ਜਿਹੇ ਹਾਲਾਤ ਪੈਦਾ ਹੋਏ ਹਨ । ਇਸ ਮੌਕੇ ਸਲੀਮ ਸੁਲਤਾਨੀ ਨੇ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਤੂੰ ਮੰਗ ਕਰਦੇ ਹੋਏ ਕਿਹਾ ਕਿ ਇਸ ਗੰਭੀਰ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਅਗਰ ਹਾਲਾਤ ਨਾ ਸੁਧਰੇ ਤਾਂ ਭਵਿੱਖ ਵਿੱਚ ਕਿਸੇ ਵੀ ਘੱਟਗਿਣਤੀ ਸਮਾਜ ਦੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਜਨਾਜ਼ਾ ਨਗਰ ਕੌਂਸਲ ਗੁਰਾਇਆ ਲਿਜਾਇਆ ਜਾਵੇਗਾ । ਇਸ ਮੌਕੇ ਪਾਸਟਰ ਬਿਸ਼ਪ ਪੀਜੇ ਸੁਲੇਮਾਨ ਨੇ ਭਰੇ ਮਨ ਨਾਲ ਕਿਹਾ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਘੱਟ ਗਿਣਤੀ ਸਮਾਜ ਨੂੰ ਸਿਰਫ਼ ਵੋਟ ਬੈਂਕ ਦੇ ਤੌਰ ਤੇ ਹੀ ਵਰਤਿਆ ਹੈ ਅਤੇ ਘੱਟ ਗਿਣਤੀ ਸਮਾਜ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਸਮਾਜ ਅੱਗੇ ਬਹੁਤ ਸ਼ਰਮਸਾਰ ਹਾਂ ਕਿ ਅੱਜ ਇੱਕ ਮਿ੍ਤਕ ਦੇਹ ਨੂੰ ਗੁਰਾਇਆ ਤੋਂ ਪੰਦਰਾਂ ਕਿਲੋਮੀਟਰ ਦੂਰ ਫਿਲੌਰ ਸ਼ਹਿਰ ਦੇ ਜੰਗਲਾਤ ਦੇ ਵਿੱਚ ਬਣੇ ਹੋਏ ਕਬਰਸਤਾਨ ਚ ਦਫਨਾਉਣ ਲਈ ਜਾ ਰਹੇ ਹਾਂ । ਜਿੱਥੇ ਨਗਰ ਕੌਂਸਲ ਫਿਲੌਰ ਵਲੋਂ ਵੀ ਕੂੜੇ ਦੇ ਢੇਰ ਲਗਾ ਦਿੱਤੇ ਗਏ ਹਨ ਸਾਨੂੰ ਜਨਾਜ਼ਾ ਉਨ੍ਹਾਂ ਕੂੜੇ ਦੇ ਢੇਰਾਂ ਬਦਬੂ ਵਿੱਚੋਂ ਲੈ ਕੇ ਗੁਜ਼ਰਨਾ ਪੈਂਦਾ ਹੈ । ਇਸ ਮੌਕੇ ਗੁਲਜ਼ਾਰ ਮਸੀਹ ਪੰਜਾਬ ਕ੍ਰਿਸਚਨ ਮੂਵਮੈਂਟ ਆਰਗੇਨਾਈਜੇਸ਼ਨ ਪੰਜਾਬ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿਸੇ ਵੀ ਵਿਅਕਤੀ ਦੇ ਮਰਨ ਉਪਰੰਤ ਉਸ ਦੀ ਮ੍ਰਿਤਕ ਦੇਹ ਨੂੰ ਚਾਹੇ ਉਹ ਦੇਸ਼ ਵਿਦੇਸ਼ ਰਹਿੰਦਾ ਹੋਵੇ ਅਖੀਰਲੇ ਸਮੇਂ ਦੁਨੀਆਂ ਤੋਂ ਵਿਦਾ ਕਰਨ ਲਈ ਉਸ ਦੀ ਜਨਮ ਭੂਮੀ ਕਰਮ ਭੂਮੀ ਵਿਖੇ ਹੀ ਲਿਆ ਜਾਂਦਾ ਹੈ । ਪਰ ਦੁੱਖ ਦੀ ਗੱਲ ਹੈ ਗੁਰਾਇਆ ਸ਼ਹਿਰ ਦੇ ਵਸਨੀਕ ਹੋਣ ਦੇ ਨਾਤੇ ਇਸ ਸ਼ਹਿਰ ਦੀ ਅਜੀਬ ਵਿਡੰਬਨਾ ਹੈ ਇੱਥੇ ਰਹਿੰਦੇ ਘੱਟ ਗਿਣਤੀ ਸਮਾਜ ਦੇ ਲੋਕਾਂ ਵੱਲੋਂ ਮ੍ਰਿਤਕ ਦੇਹ ਨੂੰ ਧਾਰਮਿਕ ਰਸਮਾਂ ਰਿਵਾਜਾਂ ਮੁਤਾਬਕ ਦੁਨੀਆਂ ਤੋਂ ਵਿਦਾ ਕਰਨ ਲਈ ਦੂਸਰੇ ਸ਼ਹਿਰ ਦੇ ਪਿੰਡਾਂ ਵਿਖੇ ਜਾਣਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਗੁਰਾਇਆ ਵੱਲੋਂ ਕਬਰਸੰਤਾਨ ਦੀ ਸਮੱਸਿਆ ਦਾ ਹੱਲ ਨਾ ਕਰਨਾ ਇਕ ਕਾਰਗੁਜ਼ਾਰੀ ਤੇ ਬਦਨੁਮਾ ਦਾਗ ਹੈ ।ਉਨ੍ਹਾਂ ਕਿਹਾ ਕਿ ਅੱਜ ਵੀ ਆਜ਼ਾਦੀ ਤੋਂ ਬਾਅਦ ਲੋਕ ਆਪਣੇ ਹੱਕ ਹਕੂਕ ਲਈ ਜੂਝਦੇ ਨਜ਼ਰ ਆ ਰਹੇ ਹਨ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰ ਰਹੇ ਹਨ ਇਹ ਘੱਟ ਗਿਣਤੀ ਸਮਾਜ ਦੇ ਮੌਲਿਕ ਤੇ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਲੋਕਤੰਤਰ ਦੀ ਹੱਤਿਆ ਹੈ ਅਖ਼ੀਰ ਉਨ੍ਹਾਂ ਪੰਜਾਬ ਸਰਕਾਰ ਸ਼ਾਸਨ ਪ੍ਰਸ਼ਾਸਨ , ਨਗਰ ਕੌਂਸਲ ਗੁਰਾਇਆ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਇਸ ਵੱਲ ਧਿਆਨ ਦੇ ਕੇ ਜਲਦ ਤੋਂ ਜਲਦ ਘੱਟ ਗਿਣਤੀ ਸਮਾਜ ਦੀ ਮੰਗ ਨੂੰ ਪੂਰੀ ਕਰਦੇ ਹੋਏ ਗੁਰਾਇਆ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਕਬਰਸਤਾਨ ਦਾ ਇੰਤਜ਼ਾਮ ਕੀਤਾ ਜਾਵੇ ।