ਸਿੱਧਵਾਂ ਬੇਟ, 26 ਮਈ (ਚਾਹਲ)- ਪਿੰਡ ਗਾਲਿਬ ਕਲਾਂ ਵਿਖੇ ਚਿੱਟੇ ਦੀ ਵਿਕਰੀ ਸਾਰੇ ਹੱਦਾਂ-ਬੰਨੇ ਟੱਪਣ ਤੋਂ ਦੁਖੀ ਹੋਏ ਪਿੰਡ ਵਾਸੀਆਂ ਨੇ ਅੱਜ ਵੱਡੀ ਗਿਣਤੀ ਵਿਚ ਇੱਕਠੇ ਹੋ ਕੇ ਪਿੰਡ ‘ਚ ਬਣੀ ਪੁਲਸ ਚੌਕੀ ਮੂਹਰੇ ਰੋਹ ਭਰਪੂਰ ਧਰਨਾ ਦੇ ਦਿੱਤਾ | ਇਸ ਸਮੇਂ ਲੋਕਾਂ ਨੇ ਪੁਲਸ ਪ੍ਰਸ਼ਾਸਨ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਉਦੇਂ ਹੋਏ ਭਾਰੀ ਨਾਅਰੇਬਾਜ਼ੀ ਕੀਤੀ | ਇੱਕਤਰ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਕੁਝ ਸਮੇਂ ਅੰਦਰ ਹੀ ਪਿੰਡ ਵਿਚ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧਾ ਹੋਣ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ, ਇਹ ਸਾਰਾ ਕੁਝ ਪੁਲਸ ਦੀ ਨੱਕ ਹੇਠ ਸ਼ਰੇਆਮ ਹੋ ਰਿਹਾ ਹੈ ਤੇ ਪੁਲਸ ਕਾਰਵਾਈ ਕਰਨ ਦੀ ਬਜਾਇ ਕਿਸੇ ਵੱਡੀ ਘਟਨਾ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਬਣਦੀ ਜ਼ਿੰਮੇਵਾਰੀ ਨਾ ਨਿਭਾਏ ਜਾਣ ਕਰਕੇ ਨਸ਼ਾ ਤਸ਼ਕਰਾਂ ਦੇ ਹੌਸਲੇ ਇਨ੍ਹੇ ਬਲੁੰਦ ਹਨ ਕਿ ਉਹ ਚਿੱਟੇ ਖਿਲਾਫ ਆਵਾਜ ਬਲੁੰਦ ਕਰਨ ਵਾਲਿਆਂ ਨੂੰ ਸ਼ਰੇਆਮ ਘਰਾਂ ਅੰਦਰ ਜਾ ਕੇ ਧਮਕੀਆਂ ਦੇ ਰਹੇ ਹਨ | ਲੋਕਾਂ ਨੇ ਦੱਸਿਆ ਕਿ ਗਾਲਿਬ ਕਲਾਂ ਵਿਖੇ ਚਿੱਟਾ ਬਿਨਾਂ ਕਿਸੇ ਡਰ-ਭੈਅ ਦੇ ਮਿਲਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਨਸ਼ੇੜੀ ਵੱਡੀ ਗਿਣਤੀ ਵਿਚ ਇੱਥੇ ਘੁੰਮਦੇ ਆਮ ਦਿਖਾਈ ਦਿੰਦੇ ਹਨ | ਧਰਨਾਕਾਰੀੌਆਂ ਨੂੰ ਸ਼ਾਤ ਕਰਨ ਲਈ ਥਾਣਾ ਸਦਰ ਦੇ ਇੰਚਾਰਜਮੌਕੇ ‘ਤੇ ਪੁੱਜੇ ਜਿਨ੍ਹਾਂ ਅੱਗੇ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਮਕੁੱਦਮਾ ਦਰਜ ਕਰਨ ਅਤੇ ਪੁਲਿਸ ਚੌਕੀ ਗਾਲਿਬ ਕਲਾਂ ਦੇ ਸਾਰੇ ਮੁਲਾਜਮਾਂ ਦੀ ਬਦਲੀ ਕਰਨ ਦੀ ਮੰਗ ਕੀਤੀ | ਥਾਣਾ ਮੁਖੀ ਨੇ ਤਰੁੰਤ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਇਸ ਧੰਦੇ ਨਾਲ ਜੁੜੇ ਹੋਏ 6 ਵਿਅਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਜਲਦੀ ਗਿ੍ਫਤਾਰੀ ਦਾ ਭਰੋਸਾ ਦਿਵਾਇਆ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ |