ਟਰਾਂਸਪੋਰਟ ਮੰਤਰੀ ਵੱਲੋਂ ਅੱਧੀ ਰਾਤ ਤੱਕ ਅੰਮ੍ਰਿਤਸਰ ਜੀ ਟੀ ਰੋਡ ਵਿਖੇ ਵਾਹਨਾਂ ਦੀ ਜਾਂਚ , ਭਾਰੀ ਵਾਹਨਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 27 ਮਈ ( )-ਟਰਾਂਸਪੋਰਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਵਿਚ ਵਾਹਨਾਂ ਦੀ ਜਾਂਚ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੀ ਰਾਤ ਵੀ ਉਨਾਂ ਨੇ ਅੰਮ੍ਰਿਤਸਰ-ਜਲੰਧਰ ਜੀ ਟੀ ਰੋਡ ਅਤੇ ਵੱਲਾ ਬਾਈਪਾਸ ਵਿਖੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕੀਤੀ, ਜਿਸ ਵਿਚ ਵਾਹਨਾਂ ਦੇ ਕਾਗਜ਼ਾਤ, ਟੈਕਸ, ਭਾਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਨੂੰ ਅਧਾਰ ਬਣਾਇਆ ਗਿਆ। ਇਸ ਬਾਬਤ ਜਾਣਕਾਰੀ ਦਿੰਦੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਰਾਤ ਇਕ ਵਜੇ ਤੱਕ ਕੀਤੀ ਗਈ ਇਸ ਪੜਤਾਲ ਵਿਚ 18 ਵਾਹਨ, ਜਿਸ ਵਿਚ ਟਰੱਕ ਅਤੇ ਬੱਸਾਂ ਸ਼ਾਮਿਲ ਹਨ, ਦੇ ਚਲਾਨ ਕੀਤੇ ਗਏ। ਉਨਾਂ ਦੱਸਿਆ ਕਿ ਇਨਾਂ ਵਾਹਨਾਂ ਵਿਚੋਂ ਕਈ ਓਵਰਲੋਡ ਸਨ ਅਤੇ ਕਈ ਤੂੜੀ ਵਾਲੇ ਟਰੱਕ, ਜੋ ਕਿ ਨਿਯਮਾਂ ਦੇ ਉਲਟ ਜਾ ਕੇ ਵੱਧ ਖਿਲਾਰ ਨਾਲ ਲੱਦੇ ਸਨ। ਇਸ ਤੋਂ ਇਲਾਵਾ ਕੁੱਝ ਟੂਰਿਸਟ ਬੱਸਾਂ ਦੇ ਕਾਗਜ਼ਾਤ ਤੇ ਟੈਕਸਾਂ ਦੀ ਘਾਟ ਕਾਰਨ ਚਲਾਨ ਕੀਤੇ ਗਏ। ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਗਾਤਾਰ ਜਾਂਚ-ਪੜਤਾਲ ਵਿਚ ਖੁਦ ਸ਼ਾਮਿਲ ਹੋ ਰਹੇ ਹਨ ਅਤੇ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਨਾਕੇ ਦੀ ਖ਼ੁਦ ਅਗਵਾਈ ਕਰਕੇ ਵਾਹਨਾਂ ਦੀ ਜਾਂਚ ਕਰਦੇ ਹਨ। ਉਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਦਾ ਸੰਦੇਸ਼ ਬਿਲਕੁੱਲ ਸਪੱਸ਼ਟ ਹੈ ਕਿ ਕਿਸੇ ਵੀ ਵਾਹਨ ਨੂੰ ਸੜਕੀ ਨਿਯਮਾਂ ਦੀ ਉਲੰਘਣਾ ਕਰਕੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਖਾਸ ਕਰਕੇ ਜਿਸ ਨਾਲ ਜਾਨ-ਮਾਲ ਦਾ ਖ਼ਤਰਾ ਪੈਦਾ ਹੁੰਦਾ ਹੋਵੇ। ਉਨਾਂ ਕਿਹਾ ਕਿ ਭਾਰੀ ਵਾਹਨ ਜਦੋਂ ਸਮਰੱਥਾ ਤੋਂ ਵੱਧ ਭਾਰ ਲੈ ਕੇ ਚੱਲਦੇ ਹਨ ਤਾਂ ਇਸ ਨਾਲ ਜਿੱਥੇ ਰਾਸ਼ਟਰ ਦਾ ਸਰਮਾਇਆ ਸੜਕਾਂ ਟੁੱਟਦੀਆਂ ਹਨ, ਉਥੇ ਅਜਿਹੇ ਵਾਹਨਾਂ ਨੂੰ ਚਲਾਉਂਦੇ ਵਕਤ ਕਾਬੂ ਵਿਚ ਰੱਖਣਾ ਔਖਾ ਹੁੰਦਾ ਹੈ। ਕਈ ਵਾਰ ਵੱਧ ਭਾਰ ਕਾਰਨ ਬਰੇਕ ਨਹੀਂ ਲੱਗਦੀ ਅਤੇ ਕਈ ਵਾਰ ਵੱਧ ਭਾਰ ਕਾਰਨ ਹੀ ਟਾਇਰ ਪਾਟ ਜਾਂਦੇ ਹਨ, ਜਿਸ ਨਾਲ ਹਾਦਸੇ ਵਾਪਰਦੇ ਹਨ। ਉਨਾਂ ਦੱਸਿਆ ਕਿ ਹਰੇਕ ਓਵਰਲੋਡ ਟਰੱਕ ਨੂੰ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜਿੰਨਾ ਲੋਡ ਵੱਧ ਹੈ, ਉਸ ਲੋਡ ਮਗਰ ਹਰੇਕ ਟਨ ਪਿੱਛੇ 2 ਹਜ਼ਾਰ ਰੁਪਏ ਜੁਰਮਾਨ ਕੀਤਾ ਜਾਵੇਗਾ। ਸ. ਅਰਸ਼ਦੀਪ ਸਿੰਘ ਨੇ ਟਰਾਂਸਪੋਰਟ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਰੱਕਾਂ ਦੇ ਜਿੱਥੇ ਕਾਗਜ਼ਾਤ, ਟੈਕਸ ਆਦਿ ਪੂਰੇ ਕਰਨ ਉਥੇ ਕਿਸੇ ਵੀ ਵਾਹਨ ਨੂੰ ਓਵਰਲੋਡ ਨਾ ਚਲਾਉਣ।

Leave a Reply

Your email address will not be published. Required fields are marked *