ਪਾਣੀਪਤ ‘ਚ ਸਕੂਲ ਦੌੜ ਮੁਕਾਬਲੇ ਦੌਰਾਨ 16 ਸਾਲਾ ਵਿਦਿਆਰਥੀ ਜ਼ਮੀਨ ‘ਤੇ ਡਿੱਗ ਗਿਆ। ਉਸ ਦੇ ਨੱਕ ਵਿੱਚੋਂ ਖੂਨ ਵਹਿਣ ਲੱਗਾ ਅਤੇ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਨੌਜਵਾਨ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ। ਇਸਰਾਨਾ ਦੇ ਪਿੰਡ ਸਿੰਕ ਦਾ ਰਹਿਣ ਵਾਲਾ 16 ਸਾਲਾ ਦਕਸ਼ ਮਲਿਕ ਦੌੜਾਕ ਸੀ। ਉਹ ਰੋਜ਼ ਸਵੇਰੇ ਦੌੜਨ ਦਾ ਅਭਿਆਸ ਵੀ ਕਰਦਾ ਸੀ। ਸ਼ਨੀਵਾਰ ਨੂੰ ਸੌਧਾਪੁਰ ਦੇ ਸੇਂਟ ਮੈਰੀ ਸਕੂਲ ‘ਚ ਖੇਡ ਮੁਕਾਬਲੇ ਕਰਵਾਏ ਗਏ, ਜਿਸ ‘ਚ ਦਕਸ਼ ਨੇ 800 ਮੀਟਰ ਦੌੜ ‘ਚ ਹਿੱਸਾ ਲਿਆ। ਇਸ ਦੌਰਾਨ 400 ਮੀਟਰ ਦਾ ਪਹਿਲਾ ਗੇੜ ਪੂਰਾ ਕਰਨ ਤੋਂ ਬਾਅਦ ਦਕਸ਼ ਜ਼ਮੀਨ ‘ਤੇ ਡਿੱਗ ਗਿਆ। ਉਸ ਦੇ ਨੱਕ ‘ਚੋਂ ਖੂਨ ਆਉਣ ਲੱਗਾ ਅਤੇ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਉਸ ਨੂੰ ਦਿਸਣਾ ਬੰਦ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ ‘ਚ ਰਖਵਾਇਆ। ਦਕਸ਼ ਦੇ ਚਾਚਾ ਦਲਬੀਰ ਮਲਿਕ ਨੇ ਦੱਸਿਆ ਕਿ ਦਕਸ਼ ਰੋਜ਼ਾਨਾ ਦੌੜਨ ਦਾ ਅਭਿਆਸ ਕਰਦਾ ਸੀ। ਸਕੂਲ ਵੱਲ ਭੱਜਦੇ ਸਮੇਂ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।