ਚੀਨ ਦੀ ਸਖਤ ਜ਼ੀਰੋ ਕੋਵਿਡ ਨੀਤੀ ਨੂੰ ਲੈ ਕੇ ਲੋਕ ਹੁਣ ਗੁੱਸੇ ‘ਚ ਹਨ। ਸਖਤ ਕੋਵਿਡ ਨੀਤੀ ਦੇ ਖਿਲਾਫ ਸ਼ਨੀਵਾਰ ਰਾਤ ਸ਼ੰਘਾਈ ਸਮੇਤ ਕਈ ਸ਼ਹਿਰਾਂ ਵਿੱਚ ਜਨਤਕ ਗੁੱਸਾ ਭੜਕ ਉੱਠਿਆ। ਜਿਸ ਤੋਂ ਬਾਅਦ ਹਜ਼ਾਰਾਂ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਚੀਨ ਦੀਆਂ ਸਖਤ ਕੋਵਿਡ -19 ਪਾਬੰਦੀਆਂ ਦੇ ਵਿਰੁੱਧ ਪ੍ਰਦਰਸ਼ਨ ਤੀਜੇ ਦਿਨ ਵੀ ਜਾਰੀ ਰਿਹਾ ਕਿਉਂਕਿ ਸੈਂਕੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਵਿੱਚ ਝੜਪ ਹੋ ਗਈ। ਕਈ ਥਾਵਾਂ ਤੋਂ ਖ਼ਬਰ ਹੈ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਭਾਰੀ ਬਲ ਦਾ ਪ੍ਰਯੋਗ ਵੀ ਕੀਤਾ ਹੈ। ਪ੍ਰਦਰਸ਼ਨਕਾਰੀ ਹੱਥਾਂ ‘ਚ ਖਾਲੀ ਤਖਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਚੀਨ ਵਿੱਚ ਇਹ ਪਹਿਲਾ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਕਈ ਲੋਕਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ। ਰਿਪੋਰਟਾਂ ਮੁਤਾਬਕ ਲੋਕਾਂ ਨੇ ‘ਸਟੈਪ ਡਾਊਨ ਸੀਸੀਪੀ’ ਅਤੇ ‘ਸਟੈਪ ਡਾਊਨ ਜਿਨਪਿੰਗ’ ਦੇ ਨਾਅਰੇ ਲਾਏ। ਚੀਨ ਵਿੱਚ ਅਜਿਹੇ ਪ੍ਰਦਰਸ਼ਨ ਬਹੁਤ ਘੱਟ ਮੰਨੇ ਜਾਂਦੇ ਹਨ ਜਿੱਥੇ ਲੋਕ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਬਾਹਰ ਨਿਕਲਦੇ ਹਨ।