ਹਰਿਆਣਾ ਦੇ ਸੋਨੀਪਤ ਵਿਚ ਜ਼ਿਲ੍ਹਾ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਦੋ ਕਰੋੜ ਦੀ ਠੱਗੀ ਮਾਰਨ ਦੇ ਦੋਸ਼ ‘ਚ ਇਕ ਕਬਾੜੀਏ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੋੜਾਂ ਦੀ ਸਾਈਬਰ ਧੋਖਾਧੜੀ ਕਰਨ ਵਾਲਾ ਕਬਾੜੀਆ ਸਿਰਫ਼ 7ਵੀਂ ਪਾਸ ਹੈ। ਉਹ ਹੁਣ ਤੱਕ 70 ਤੋਂ ਵੱਧ ਲੋਕਾਂ ਨੂੰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਬਣਾ ਚੁੱਕਾ ਹੈ ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਗੋਹਾਨਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਫੇਸਬੁੱਕ ‘ਤੇ ਇਕ ਲੜਕੀ ਦੀ ਫਰੇਂਡ ਰਿਕੂਏਸਟ ਸਵੀਕਾਰ ਕੀਤੀ। ਇਸ ਤੋਂ ਬਾਅਦ ਫੇਸਬੁੱਕ ‘ਤੇ ਮੈਸੇਜ ਆਉਣੇ ਸ਼ੁਰੂ ਹੋ ਗਏ। ਲੜਕੀ ਨੇ ਇਕ ਦਿਨ ਉਸ ਨੂੰ ਵਟਸਐਪ ‘ਤੇ ਮੈਸੇਜ ਕੀਤਾ। ਵਟਸਐਪ ‘ਤੇ ਅਸ਼ਲੀਲ ਫੋਟੋ ਲਗਾ ਕੇ ਉਸ ਨੇ ਨੌਜਵਾਨ ਨੂੰ ਕੱਪੜੇ ਉਤਾਰ ਕੇ ਵੀਡੀਓ ਕਾਲ ਕਰਨ ਲਈ ਕਿਹਾ। ਨੌਜਵਾਨ ਨੇ ਜਿਵੇਂ ਹੀ ਵੀਡੀਓ ਕਾਲ ਕੀਤੀ ਤਾਂ ਦੋਸ਼ੀ ਨੇ ਦੂਜੇ ਪਾਸਿਓਂ ਅਸ਼ਲੀਲ ਵੀਡੀਓ ਚਲਾਈ ਅਤੇ ਦੂਜੇ ਮੋਬਾਈਲ ਤੋਂ ਉਸ ਨੌਜਵਾਨ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਨੌਜਵਾਨ ਨੂੰ ਉਸ ਦੀ ਅਸ਼ਲੀਲ ਵੀਡੀਓ ਭੇਜ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਗਿਆ। ਉਸ ਤੋਂ 21 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਜਿਸ ‘ਤੇ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸੋਨੀਪਤ ਸਾਈਬਰ ਪੁਲਿਸ ਨੇ ਦੱਸਿਆ ਕਿ ਸੱਤਵੀਂ ਪਾਸ ਕਬਾੜੀਏ ਨੇ ਹੁਣ ਤੱਕ 71 ਲੋਕਾਂ ਨਾਲ ਸਾਈਬਰ ਧੋਖਾਧੜੀ ਕੀਤੀ ਹੈ। OLX ‘ਤੇ ਸਿਪਾਹੀ ਦੇ ਰੂਪ ‘ਚ ਪੇਸ਼ ਹੋ ਕੇ ਦੋਸ਼ੀ ਨੇ ਕਰੀਬ 44 ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ। ਮੁਲਜ਼ਮ ਕਬਾੜੀਆ ਖੁਦ ਨੂੰ ਸਿਪਾਹੀ ਦੱਸ ਕੇ ਸਸਤੇ ਭਾਅ ‘ਤੇ ਸਾਈਕਲ ਵੇਚਣ ਦੇ ਨਾਂ ‘ਤੇ ਠੱਗੀ ਮਾਰਦਾ ਸੀ। ਇਸ ਤਰ੍ਹਾਂ ਉਹ ਹੁਣ ਤੱਕ 27 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।