ਅਫਗਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਅੱਤਵਾਦੀ ਘਟਨਾਵਾਂ ਵਧ ਗਈਆਂ ਹਨ। ਬਲਖ ਸੂਬੇ ‘ਚ ਅੱਜ ਮੰਗਲਵਾਰ ਨੂੰ ਵੱਡਾ ਧਮਾਕਾ ਹੋਇਆ। ਹਮਲਾਵਰਾਂ ਨੇ ਮਜ਼ਾਰ-ਏ-ਸ਼ਰੀਫ ਵਿੱਚ ਇੱਕ ਯਾਤਰੀ ਬੱਸ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ‘ਚ 20 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਹਾਲਾਂਕਿ ਕਿੰਨਾ ਨੁਕਸਾਨ ਹੋਇਆ ਹੈ ਤੇ ਕਿੰਨੀਆਂ ਮੌਤਾਂ ਹੋਈਆਂ ਹਨ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਵੀ ਹੋਏ ਹਨ। ਸਾਰੇ ਮਰਨ ਵਾਲੇ ਉੱਤਰੀ ਅਫਗਾਨਿਸਤਾਨ ਸਥਿਤ ਤੇਲ ਕੰਪਨੀ ਦੇ ਕਰਮਚਾਰੀ ਹਨ। ਉੱਤਰੀ ਬਲਖ ਸੂਬੇ ਦੀ ਪੁਲਿਸ ਦੇ ਬੁਲਾਰੇ ਮੁਹੰਮਦ ਆਸਿਫ਼ ਵਜ਼ੀਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੰਗਲਵਾਰ ਸਵੇਰੇ ਕਰੀਬ 7 ਵਜੇ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਬੱਸ ਵਿੱਚ ਤੇਲ ਕੰਪਨੀਆਂ ਦੇ ਕਰਮਚਾਰੀ ਸਵਾਰ ਸਨ। ਉਨ੍ਹਾਂ ਮੁਤਾਬਕ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਇਸ ਘਟਨਾ ‘ਚ ਘੱਟੋ-ਘੱਟ 4 ਲੋਕ ਜ਼ਖਮੀ ਹੋਏ ਹਨ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕੇ ਪਿੱਛੇ ਕਿਸ ਦਾ ਹੱਥ ਸੀ। ਅਫਗਾਨਿਸਤਾਨ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਹਿਰੀ ਕੇਂਦਰਾਂ ਵਿੱਚ ਕਈ ਹਮਲੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਹਾਲਾਂਕਿ ਹੁਣ ਤੱਕ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 30 ਨਵੰਬਰ ਨੂੰ ਅਫਗਾਨਿਸਤਾਨ ਦੇ ਸਮੰਗਾਨ ਸੂਬੇ ‘ਚ ਧਮਾਕਾ ਹੋਇਆ ਸੀ, ਜਿਸ ‘ਚ ਘੱਟੋ-ਘੱਟ 16 ਲੋਕ ਮਾਰੇ ਗਏ ਸਨ ਅਤੇ 50 ਦੇ ਕਰੀਬ ਜ਼ਖਮੀ ਹੋ ਗਏ ਸਨ। ਇਹ ਧਮਾਕਾ ਐਬਕ ਸ਼ਹਿਰ ਦੇ ਮਦਰੱਸੇ ਵਿੱਚ ਹੋਇਆ। ਜਾਣਕਾਰੀ ਮੁਤਾਬਕ ਧਮਾਕੇ ‘ਚ 10 ਵਿਦਿਆਰਥੀਆਂ ਦੀ ਵੀ ਮੌਤ ਹੋ ਗਈ। ਇਸਲਾਮਿਕ ਸਟੇਟ ਖੁਰਾਸਾਨ ਅਕਸਰ ਅਫਗਾਨਿਸਤਾਨ ਵਿੱਚ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲੈਂਦਾ ਹੈ।