ਰਾਏਗੜ੍ਹ ਜ਼ਿਲ੍ਹੇ ਦੇ ਖੋਪੋਲੀ ਕਸਬੇ ਦੇ ਨੇੜੇ ਇਕ ਪਹਾੜੀ ਖੇਤਰ ‘ਚ ਐਤਵਾਰ ਰਾਤ ਨੂੰ ਇਕ ਬੱਸ ਦੇ ਪਲਟ ਜਾਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 46 ਹੋਰ ਜ਼ਖਮੀ ਹੋ ਗਏ। ਪਹਿਲੀ ਨਜ਼ਰੇ ਇਹ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਜਾਪਦਾ ਹੈ, ਜਿਸ ਕਾਰਨ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਕਰੀਬ 14 ਕਿਲੋਮੀਟਰ ਦੂਰ ਪੁਰਾਣੇ ਮੁੰਬਈ-ਪੁਣੇ ਹਾਈਵੇ ‘ਤੇ ਰਾਤ 8 ਵਜੇ ਦੇ ਕਰੀਬ ਵਾਪਰੀ। ਹਾਦਸੇ ‘ਚ ਕਈ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਬੱਸ ਵਿਚ ਉਪਨਗਰ ਚੇਂਬੂਰ ਦੇ ਇੱਕ ਕੋਚਿੰਗ ਕਲਾਸ ਦੇ ਘੱਟੋ-ਘੱਟ 48 ਵਿਦਿਆਰਥੀ ਸਫ਼ਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ 10ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਪਿਕਨਿਕ ਮਨਾ ਕੇ ਵਾਪਸ ਆ ਰਹੇ ਸਨ। ਅਧਿਕਾਰੀ ਨੇ ਕਿਹਾ, “ਲੋਨਾਵਾਲਾ (ਪੁਣੇ ਜ਼ਿਲੇ ਵਿੱਚ ਸਥਿਤ) ਵਿੱਚ ਪਿਕਨਿਕ ਤੋਂ ਵਾਪਸ ਆਉਂਦੇ ਸਮੇਂ ਬ੍ਰੇਕ ਫੇਲ ਹੋਣ ਕਾਰਨ ਖੋਪੋਲੀ ਦੇ ਨੇੜੇ ਬੱਸ ਪਲਟ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਸਾਰੇ ਵਿਦਿਆਰਥੀ ਅਤੇ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਲੋਨਾਵਾਲਾ ਅਤੇ ਖੋਪੋਲੀ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ 17 ਅਤੇ 16 ਸਾਲ ਦੀ ਉਮਰ ਦੇ ਦੋ ਗੰਭੀਰ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਚੇਂਬੂਰ ਕੈਂਪ ਦੀ ਰਹਿਣ ਵਾਲੀ ਹਿਤਿਕਾ ਖੰਨਾ ਅਤੇ ਰਾਜ ਰਾਜੇਸ਼ ਮਹਾਤਰੇ (16) ਵਜੋਂ ਹੋਈ ਹੈ।