ਭਾਰਤ-ਚੀਨ ਦੇ ਫੌਜੀਆਂ ਵਿਚਾਲੇ 9 ਦਸੰਬਰ ਨੂੰ ਤਵਾਂਗ ਵਿੱਚ ਹਿੰਸਕ ਝੜਪ ਮਗਰੋਂ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੈ। ਹੁਣ ਸੰਸਦ ਵਿੱਚ ਵੀ ਇਸਦੀ ਗੂੰਜ ਸੁਣਾਈ ਦੇ ਰਹੀ ਹੈ। ਇਸ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਾਂਗਰਸ ‘ਤੇ ਕਾਫ਼ੀ ਹਮਲਾਵਰ ਦਿਖੇ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਵਿੱਚ ਕੋਈ ਵੀ ਭਾਰਤ ਦੀ ਇੱਕ ਇੰਚ ਜ਼ਮੀਨ ਨੂੰ ਵੀ ਕਬਜ਼ੇ ਵਿੱਚ ਲੈਣ ਦੀ ਹਿੰਮਤ ਨਹੀਂ ਕਰ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਸਮੇਂ ਗਲਵਾਨ ਵਿੱਚ ਸਾਡੇ ਜਵਾਨ ਚੀਨੀ ਫੌਜ ਦੇ ਨਾਲ ਭਿੜ ਰਹੇ ਸਨ। ਉਦੋਂ ਕਾਂਗਰਸ ਦੇ ਲੋਕ ਚੀਨੀ ਨੇਤਾਵਾਂ ਨੂੰ ਮਿਲ ਰਹੇ ਸਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2011 ਵਿੱਚ ਕਾਂਗਰਸ ਸਰਕਾਰ ਨੇ ਚੀਨ ਦੀ ਧਮਕੀ ਦੇ ਬਾਅਦ ਬਾਰਡਰ ‘ਤੇ ਦੇਮਚੌਕ ਵਿੱਚ ਰੋਡ ਤੇ ਆਧਾਰਭੂਤ ਢਾਂਚੇ ਦਾ ਨਿਰਮਾਣ ਰੋਕ ਦਿੱਤਾ ਸੀ। ਕਾਂਗਰਸ ਦੇ ਸਮੇਂ ਹੀ ਹਜ਼ਾਰਾਂ ਕਿਲੋਮੀਟਰ ਜ਼ਮੀਨ ਸਾਡੇ ਤੋਂ ਲੈ ਲਈ ਗਈ। ਜਦੋਂ ਤੱਕ ਮੋਦੀ ਸਰਕਾਰ ਹੈ, ਇੱਕ ਇੰਚ ਵੀ ਭਾਰਤ ਦੀ ਜ਼ਮੀਨ ਕੋਈ ਕਬਜ਼ੇ ਵਿੱਚ ਨਹੀਂ ਲੈ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਖਾਸ ਕਰਕੇ ਕਾਂਗਰਸ ਪਾਰਟੀ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕੀਮਤੀ ਪ੍ਰਸ਼ਨ ਕਾਲ ਮੁਲਤਵੀ ਕਰ ਦਿੱਤਾ । ਜਦੋਂ 12 ਵਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਦਨ ਵਿੱਚ ਇਸ ਮਾਮਲੇ ‘ਤੇ ਆਪਣਾ ਬਿਆਨ ਦੇਣ ਵਾਲੇ ਸਨ ਤਾਂ ਪ੍ਰਸ਼ਨ ਕਾਲ ਮੁਲਤਵੀ ਕਰਨ ਦੀ ਕੋਈ ਤੁਕ ਨਹੀਂ ਬਣੀ । ਸ਼ਾਹ ਨੇ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐਫ) ਨੇ ਖੋਜ ਦੇ ਨਾਂ ‘ਤੇ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਪ੍ਰਾਪਤ ਕੀਤੇ ।