ਰਾਜਧਾਨੀ ਦਿੱਲੀ ਵਿਚ ਸਕਿਓਰਿਟੀ ਏਜੰਸੀ ਚਲਾਉਣ ਵਾਲੇ ਵਿਅਕਤੀ ਨਾਲ ਸਾਈਬਰ ਧੋਖਾਧੜੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਸਕੈਮ ਕਰਨ ਵਾਲਿਆਂ ਨੇ ਪੀੜਤ ਦੇ ਬੈਂਕ ਖਾਤੇ ‘ਚੋਂ 50 ਲੱਖ ਰੁਪਏ ਕਢਵਾ ਲਏ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਕੋਈ OTP ਨੰਬਰ ਸ਼ੇਅਰ ਕੀਤੇ ਹੀ ਠੱਗਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਪੀੜਤਾ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। NDTV ਦੀ ਰਿਪੋਰਟ ਮੁਤਾਬਕ ਸ਼ਮਸ਼ੇਰ ਨੇ ਦੱਸਿਆ ਕਿ 13 ਨਵੰਬਰ ਦੀ ਸ਼ਾਮ 7 ਵਜੇ ਤੋਂ 8.44 ਵਜੇ ਤੱਕ ਉਸ ਦੇ ਮੋਬਾਈਲ ‘ਤੇ ਲਗਾਤਾਰ ਬਲੈਂਕ ਅਤੇ ਮਿਸਡ ਕਾਲਾਂ ਆਉਂਦੀਆਂ ਰਹੀਆਂ। ਹਾਲਾਂਕਿ ਇਸ ਦੌਰਾਨ ਉਸ ਨੇ ਕਈ ਵਾਰ ਕਾਲਾਂ ਨੂੰ ਅਣਗੌਲਿਆ ਵੀ ਕੀਤਾ। ਪਰ ਇਸ ਦੌਰਾਨ ਉਸ ਨੇ ਫੋਨ ਚੁੱਕਿਆ ਤਾਂ ਦੂਜੇ ਪਾਸੇ ਤੋਂ ਕੋਈ ਆਵਾਜ਼ ਨਹੀਂ ਆਈ, ਇਸ ਤੋਂ ਕੁਝ ਦੇਰ ਬਾਅਦ ਹੀ ਸ਼ਮਸ਼ੇਰ ਸਿੰਘ ਦੇ ਫੋਨ ‘ਤੇ ਬੈਂਕ ਤੋਂ ਪੈਸੇ ਕਢਵਾਉਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਕੁਝ ਹੀ ਸਮੇਂ ‘ਚ ਉਸ ਦੇ ਖਾਤੇ ‘ਚੋਂ 50 ਲੱਖ ਰੁਪਏ ਕਢਵਾ ਲਏ ਗਏ।ਮਾਮਲੇ ਦੀ ਮੁੱਢਲੀ ਜਾਂਚ ਵਿੱਚ ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਖਾਤਿਆਂ ਵਿੱਚੋਂ ਆਰਟੀਜੀਐਸ ਰਾਹੀਂ ਪੈਸੇ ਕਢਵਾਏ ਗਏ ਹਨ। NDTV ਨਾਲ ਗੱਲ ਕਰਦੇ ਹੋਏ, ਸ਼ਮਸ਼ੇਰ ਸਿੰਘ ਨੇ ਕਿਹਾ ਕਿ ਧੋਖਾਧੜੀ ਵਾਲੇ OTP (ਵਨ ਟਾਈਮ ਪਾਸਵਰਡ) ਕੋਡ ਦੇ ਬਿਨਾਂ ਖਾਤੇ ਤੋਂ ਪੈਸੇ ਕਢਵਾਏ ਗਏ ਸਨ। ਦਿੱਲੀ ਪੁਲਿਸ ਨੇ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਚੋਰਾਂ ਨੇ “ਸਿਮ ਸਵੈਪ” ਕੀਤਾ ਹੋ ਸਕਦਾ ਹੈ ਜਾਂ ਉਨ੍ਹਾਂ ਨੇ RTGS ਟ੍ਰਾਂਸਫਰ ਅਤੇ OTP ਨੂੰ ਐਕਟੀਵੇਟ ਕਰਨ ਲਈ ਕਾਲਾਂ ਕੀਤੀਆਂ ਹੋ ਸਕਦੀਆਂ ਹਨ।