ਸਿੱਧੂ ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ ਅਧਿਕਾਰੀਆਂ ਦੇ ਘਰ 24 ਘੰਟੇ ਸੁਰੱਖਿਆ ਮੌਜੂਦ ਰਹੇਗੀ। ਦਰਅਸਲ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ ਸੀ, ਜਿਸ ਤੋਂ ਬਾਅਦ ਸਪੈਸ਼ਲ ਸੈੱਲ ‘ਚ ਤਾਇਨਾਤ ਉਨ੍ਹਾਂ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਇਸ ਮਾਮਲੇ ਦੇ ਖੁਲਾਸੇ ‘ਚ ਸ਼ਾਮਲ ਸਨ। ਇਨ੍ਹਾਂ ਵਿੱਚ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐੱਚ.ਜੀ. ਐਸ. ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀਸੀਪੀ ਰਾਜੀਵ ਰੰਜਨ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਘਰ ‘ਤੇ 24 ਘੰਟੇ ਸੁਰੱਖਿਆ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਕਤਲ ਕੇਸ ਨੂੰ ਸੁਲਝਾਉਣ ਲਈ ਤਾਇਨਾਤ ਹੋਰ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨਾਲ ਹਰ ਪਲ ਇਕ ਕਮਾਂਡੋ ਮੌਜੂਦ ਰਹੇਗਾ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੇ ਨਾਮ ਏਸੀਪੀ ਲਲਿਤ ਨੇਗੀ, ਏਸੀਪੀ ਹਿਰਦੇ ਭੂਸ਼ਣ, ਏਸੀਪੀ ਵੇਦ ਪ੍ਰਕਾਸ਼, ਏਸੀਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ ਅਤੇ ਇੰਸਪੈਕਟਰ ਵਿਨੋਦ ਕੁਮਾਰ ਹਨ।