ਪਿਛਲੇ ਸਾਲ ਇੱਥੇ ਹੋਈ ਕਰੋੜਾਂ ਦੀ ਡਕੈਤੀ ਦੇ ਕਥਿਤ ਮਾਸਟਰਮਾਈਂਡ ਗੈਂਗਸਟਰ ਵਿਕਾਸ ਲਗਰਪੁਰੀਆ ਨੂੰ ਵੀਰਵਾਰ ਨੂੰ ਦਿੱਲੀ-ਗੁਰੂਗ੍ਰਾਮ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਕਤਲ ਅਤੇ ਫ਼ਿਰੌਤੀ ਦੇ ਦੋਸ਼ ਵੀ ਹਨ। ਸਪੈਸ਼ਲ ਟਾਸਕ ਫ਼ੋਰਸ ਦੇ ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗੁਰੂਗ੍ਰਾਮ ਦੀ ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਬੀ. ਸਤੀਸ਼ ਬਾਲਨ ਨੇ ਕਿਹਾ ਕਿ ਜਿਸ ਵੇਲੇ ਲਗਰਪੁਰੀਆ ਨੂੰ ਫ਼ੜਿਆ ਗਿਆ, ਉਹ ਕੈਬ ‘ਚ ਸਫ਼ਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਇੱਕ ਹੋਰ ਅਧਿਕਾਰੀ ਨੇ ਕਿਹਾ ਸੀ ਕਿ ਗੈਂਗਸਟਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਲਗਰਪੁਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਦਿੱਲੀ ਅਤੇ ਹਰਿਆਣਾ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫ਼ਿਰੌਤੀ ਅਤੇ ਅਗਵਾ ਦੇ ਕਈ ਮਾਮਲੇ ਦਰਜ ਹਨ। ਦਿੱਲੀ ਪੁਲਿਸ ਨੇ ਪਿਛਲੇ 7 ਸਾਲਾਂ ਤੋਂ ਭਗੌੜੇ ਲਗਰਪੁਰੀਆ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਹਰਿਆਣਾ ਐਸ.ਟੀ.ਐਫ. ਨੂੰ ਗੁਰੂਗ੍ਰਾਮ ਵਿੱਚ 30 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਉਸ ਦੀ ਤਲਾਸ਼ ਸੀ। ਇਸ ਮਾਮਲੇ ਵਿੱਚ ਦੋ ਡਾਕਟਰ, ਇੱਕ ਦਿੱਲੀ ਪੁਲਿਸ ਮੁਲਾਜ਼ਮ ਅਤੇ ਇੱਕ ਹਰਿਆਣਾ ਦਾ ਆਈ.ਪੀ.ਐਸ. ਅਧਿਕਾਰੀ ਮੁਲਜ਼ਮ ਹਨ। ਘਟਨਾ ਪਿਛਲੇ ਸਾਲ 4 ਅਗਸਤ ਦੀ ਹੈ। ਮੁਲਜ਼ਮ ਇੱਥੋਂ ਦੇ ਸੈਕਟਰ 84 ਵਿੱਚ ਇੱਕ ਫ਼ਲੈਟ ਵਿੱਚ ਦਾਖ਼ਲ ਹੋ ਕੇ 30 ਕਰੋੜ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਫ਼ਲੈਟ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਦਫ਼ਤਰ ਚੱਲ ਰਿਹਾ ਸੀ। ਲਗਰਪੁਰੀਆ ਗਿਰੋਹ ਦਾ ਮੈਂਬਰ ਅਮਿਤ ਉਰਫ਼ ਮੀਤਾ ਵਾਸੀ ਨਜਫ਼ਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਭਿਨਵ ਅਤੇ ਧਾਰੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗੈਂਗਸਟਰ ਦੇ ਨਿਰਦੇਸ਼ਾਂ ‘ਤੇ ਨਕਦੀ ਚੋਰੀ ਕਰਨ ਦੀ ਗੱਲ ਕਬੂਲ ਕੀਤੀ।