ਛੱਤੀਸਗੜ੍ਹ ‘ਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ, ਚਾਰ ਦਿਨ ਪਹਿਲਾਂ PM ਮੋਦੀ ਨੇ ਦਿਖਾਈ ਸੀ ਹਰੀ ਝੰਡੀ

ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਵਿੱਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕੀਤਾ ਗਿਆ । ਇਸ ਦੌਰਾਨ ਚਲਦੀ ਟ੍ਰੇਨ ਦੀਆਂ ਖਿੜਕੀਆਂ ਦਾ ਸ਼ੀਸ਼ਾ ਨੁਕਸਾਨਿਆ ਗਿਆ। ਹਾਲਾਂਕਿ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਪਥਰਾਅ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਪਥਰਾਅ ਕਰਨ ਦਾ ਕੋਈ ਕਾਰਨ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ RPF ਜਵਾਨ ਮੌਕੇ ‘ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਚਾਰ ਦਿਨ ਪਹਿਲਾਂ ਹੀ ਪ੍ਰਧਾਨਮੰਤਰੀ ਮੋਦੀ ਨੇ ਹਰੀ ਝੰਡੀ ਦਿਖਾ ਕੇ ਨਾਗਪੁਰ-ਬਿਲਾਸਪੁਰ ਵੰਡੇ ਭਾਰਤ ਟ੍ਰੇਨ ਨੂੰ ਰਵਾਨਾ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਦੱਖਣੀ ਪੂਰਬ ਮੱਧ ਰੇਲਵੇ ਦੇ ਰਾਏਪੁਰ ਮੰਡਲ ਦੇ ਅਧੀਨ ਆਉਣ ਵਾਲੇ ਦੁਰਗਾ ਤੇ ਭਿਲਾਈ ਸਟੇਸ਼ਨਾਂ ਦੇ ਵਿਚਾਲੇ ਟ੍ਰੇਨ ਪਹੁੰਚੀ ਸੀ, ਉਦੋਂ ਕਿਸੇ ਨੇ ਇਸ ‘ਤੇ ਪਥਰਾਅ ਕਰ ਦਿੱਤਾ। ਪੱਥਰ ਈ-1 ਕੋਚ ਦੀ ਖਿੜਕੀ ‘ਤੇ ਲੱਗਿਆ ਅਤੇ ਉਹ ਨੁਕਸਾਨੀ ਗਈ। ਘਟਨਾ ਮਗਰੋਂ ਤੁਰੰਤ ਇਸਦੀ ਜਾਣਕਾਰੀ RPF ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਜਵਾਨ ਮੌਕੇ ‘ਤੇ ਪਹੁੰਚ ਗਏ। ਇਹ ਸੇਮੀ-ਹਾਈ ਸਪੀਡ ਟ੍ਰੇਨ ਨਾਗਪੁਰ ਤੋਂ ਬਿਲਾਸਪੁਰ ਆ ਰਹੀ ਸੀ। ਰੇਲਵੇ ਅਫਸਰਾਂ ਨੇ ਦੱਸਿਆ ਕਿ ਰੇਲਵੇ ਸੁਰੱਖਿਆ ਬਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਨਾਗਪੁਰ ਤੇ ਛੱਤੀਸਗੜ੍ਹ ਦੇ ਬਿਲਾਸਪੁਰ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੇਸ਼ ਦੀ 6ਵੀਂ ਸੇਵਾ ਹੈ। ਨਾਗਪੁਰ ਵਿੱਚ 11 ਦਸੰਬਰ ਨੂੰ ਪ੍ਰਧਾਨਮੰਤਰੀ ਮੋਦੀ ਨੇ ਇਸਦੀ ਸ਼ੁਰੂਆਤ ਕੀਤੀ ਸੀ। ਇਸਦੇ ਬਾਦ ਤੋਂ ਇਹ ਟ੍ਰੇਨ ਸ਼ਨੀਵਾਰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲ ਰਹੀ ਹੈ।

Leave a Reply

Your email address will not be published. Required fields are marked *