ਵਿਜੀਲੈਂਸ ਬਿਊਰੋ ਨੇ ਈਟੀਓ ਸੰਦੀਪ ਸਿੰਘ ਤੇ ਆਬਕਾਰੀ ਤੇ ਐਕਸਾਈਜ਼ ਇੰਸਪੈਕਟਰ ਵਿਸ਼ਾਲ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰੇਗਾ ਰਿਮਾਂਡ ਲਿਆ ਜਾਵੇਗਾ। ਦੱਸ ਦੇਈਏ ਕਿ ਜੀਐੱਸਟੀ ਦਾ ਜੁਰਮਾਨਾ ਘੱਟ ਕਰਨ ਦੇ ਬਦਲੇ ਦੋਸ਼ੀਆਂ ਨੇ 12 ਲੱਖ ਰੁਪਏ ਰਿਸ਼ਵਤ ਦੇ ਮੰਗੇ ਸਨ। ਪਹਿਲੀ ਕਿਸ਼ਤ 5 ਲੱਖ ਰੁਪਏ ਜਦੋਂ ਸ਼ਿਕਾਇਤਕਰਤਾ ਉਨ੍ਹਾਂ ਦੇ ਆਫਿਸ ਵਿਚ ਦੇਣ ਲਈ ਈਟੀਓ ਤੇ ਇੰਸਪੈਕਟਰ ਕੋਲ ਗਿਆ ਤਾਂ ਵਿਜੀਲੈਂਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਫੜ ਲਿਆ। ਦੋਸ਼ੀਆਂ ਖਿਲਾਫ ਰਾਇਲਸਟਾ ਦੇ ਮਾਲਕ ਰਵਿੰਦਰ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਜਿਸ ਦੇ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਈਟੀਓ ਸੰਦੀਪ ਸਿੰਘ ਤੇ ਇੰਸਪੈਕਟਰ ਵਿਸ਼ਾਲ ਸ਼ਰਮਾ ਵਜੋਂ ਹੋਈ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਲੁਧਿਆਣਾ ਦੇ ਜੀਐੱਸਟੀ ਵਿੰਗ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਰਵਿੰਦਰ ਕੁਮਾਰ ਵਾਸੀ ਸਰਾਭਾ ਨਗਰ,ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਵਿਭਾਗ ਨੇ ਸਰਵੇ ਦੇ ਬਾਅਦ ਉਨ੍ਹਾਂ ਦੀ ਫਰਮ ਨੂੰ ਜੁਰਮਾਨਾ ਲਗਾਇਆ ਸੀ। ਜੁਰਮਾਨਾ ਰੱਦ ਕਰਨ ਦੇ ਬਦਲੇ ਉਕਤ ਆਬਕਾਰੀ ਅਧਿਕਾਰੀ ਨੇ 15 ਲੱਖ ਰੁਪਏ ਦੀ ਮੰਗ ਕੀਤੀ। ਸੌਾ 12 ਲੱਖ ਰੁਪਏ ਵਿਚ ਤੈਅ ਹੋਣ ‘ਤੇ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ। ਵਿਜੀਲੈਂਸ ਟੀਮ ਨੇ ਦੋਵੇਂ ਅਧਿਕਾਰੀਆਂ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਦੋਵਾਂ ਖਿਲਾਫ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।