ਟੈਂਡਰ ਘੁਟਾਲੇ ਮਾਮਲੇ ਵਿੱਚ ਘਿਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਪੰਕਜ ਮੀਨੂੰ ਮਲਹੋਤਰਾ ਨੇ ਵਿਜੀਲੈਂਸ ਦੇ ਅੱਗੇ ਸਿਰੰਡਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਪਣੇ ਪਰਿਵਾਰ ਦੇ ਨਾਲ ਵਿਜੀਲੈਂਸ ਦਫਤਰ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਐਸਐਸਪੀ ਦੇ ਸਾਹਮਣੇ ਸਰੰਡਰ ਕੀਤਾ ਹੈ। ਦੱਸ ਦਈਏ ਕਿ ਪੰਕਜ ਮੀਨੂੰ ਮਲਹੋਤਰਾ ਪਿਛਲੇ 4 ਮਹੀਨਿਆਂ ਤੋਂ ਭਗੌੜਾ ਕਰਾਰ ਸੀ। ਪੰਕਜ ਨੂੰ ਵਿਜੀਲੈਂਸ ਨੇ ਭਗੌੜਾ ਕਰਾਰ ਕਰਨ ਦੇ ਹੁਕਮ ਜਾਰੀ ਕੀਤੇ ਸੀ। ਪੰਕਜ ਮੀਨੂੰ ਮਲਹੋਤਰਾ ਨੂੰ 25 ਤਰੀਖ ਤੱਕ ਸਰੰਡਰ ਕਰਨ ਦਾ ਸਮਾਂ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਲੁਧਿਆਣਾ ਦੀ ਦਾਣਾ ਮੰਡੀ ਵਿੱਚ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘਪਲੇ ਦੇ ਮਾਮਲੇ ਵਿਚ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਜੋ ਕਿ ਇਸ ਸਮੇਂ ਵੀ ਨਿਆਂਇਕ ਹਿਰਾਸਤ ਵਿੱਚ ਹਨ। ਇਨ੍ਹਾਂ ਹੀ ਨਹੀਂ ਵਿਜੀਲੈਂਸ ਟੀਮਾਂ ਨੇ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਤੇ ਅਨਾਜ ਟਰਾਂਸਪੋਰਟ ਘੁਟਾਲੇ ਵਿੱਚ ਨਾਮਜ਼ਦ ਮੀਨੂੰ ਮਲਹੋਤਰਾ ਦੇ ਘਰ ਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ।