ਉੱਤਰ-ਪ੍ਰਦੇਸ਼ ਦੇ ਬੰਦਾਯੂ ਜ਼ਿਲ੍ਹੇ ਦੇ ਬਿਸੌਲੀ ਕੋਤਵਾਲੀ ਇਲਾਕੇ ਦੇ ਬਸਾਈ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇਕ ਔਰਤ ਨੇ ਬੁੱਧਵਾਰ ਨੂੰ ਪੈਦਾ ਹੋਏ 9 ਕਤੂਰਿਆਂ ਨੂੰ ਛੱਪੜ ‘ਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ‘ਚ ਪਸ਼ੂ ਪ੍ਰੇਮੀ ਅਤੇ ਗਊ ਰਕਸ਼ਾ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਭੋਰ ਸ਼ਰਮਾ ਨੇ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਕਤੂਰਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦਈਏ ਕਿ ਬਸਾਈ ਪਿੰਡ ਦੀ ਰਹਿਣ ਵਾਲੀ ਔਰਤ ਦੇ ਘਰ ਦੇ ਨੇੜੇ ਕੁੱਤੀ ਨੇ 9 ਬੱਚਿਆਂ ਨੂੰ ਜਨਮ ਦਿੱਤਾ ਸੀ। 9 ਨਵਜੰਮੇ ਕਤੂਰਿਆਂ ਦੇ ਰੌਲਾ ਪਾਉਣ ਕਾਰਨ ਔਰਤ ਨੇ ਸਾਰੇ ਕਤੂਰੇ ਛੱਪੜ ਵਿਚ ਸੁੱਟ ਦਿੱਤੇ। ਪਸ਼ੂ ਪ੍ਰੇਮੀ ਅਤੇ ਗਊ ਸੁਰੱਖਿਆ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਵਿਭੋਰ ਸ਼ਰਮਾ ਨੇ ਸੂਚਨਾ ਮਿਲਣ ’ਤੇ ਕੁੱਤੀ ਦੀ ਭਾਲ ਕੀਤੀ। ਕਤੂਰਿਆਂ ਦੀਆਂ ਲਾਸ਼ਾਂ ਨੂੰ ਦਿਖਾਉਣ ਲਈ ਕੁੱਤੀ ਨੂੰ ਛੱਪੜ ਵੱਲ ਲਿਜਾਇਆ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ 5 ਕਤੂਰਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜਦਕਿ 4 ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਪਸ਼ੂ ਪ੍ਰੇਮੀ ਵਿਭੋਰ ਸ਼ਰਮਾ ਨੇ ਬਿਸੌਲੀ ਥਾਣਾ ਕੋਤਵਾਲੀ ‘ਚ ਸ਼ਿਕਾਇਤ ਦਿੱਤੀ ਹੈ, ਜਿਸ ‘ਤੇ ਪੁਲਿਸ ਨੇ ਮਹਿਲਾ ਅਨੀਤਾ ਅਤੇ ਉਸ ਦੇ ਪਤੀ ਖਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 429 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਇਸ ਮਾਮਲੇ ‘ਚ ਥਾਣਾ ਬਸੌਲੀ ਦੇ ਇੰਸਪੈਕਟਰ ਵਿਜੇਂਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਬਸਾਈ ਪਿੰਡ ਦੀ ਔਰਤ ਅਤੇ ਉਸ ਦੇ ਪਤੀ ਖਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 5 ਕਤੂਰਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।