ਉੱਤਰੀ ਸਿੱਕਮ ਵਿਚ ਫੌਜ ਦੇ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ। ਇਸ ਵਿਚ 16 ਜਵਾਨ ਸ਼ਹੀਦ ਹੋ ਗਏ ਹਨ ਤੇ 4 ਜ਼ਖਮੀ ਹਨ। ਭਾਰਤੀ ਫੌਜ ਨੇ ਦੱਸਿਆ ਕਿ ਉੱਤਰੀ ਸਿੱਕਮ ਵਿਚ ਫੌਜ ਦੇ ਇਕ ਟਰੱਕ ਦਾ ਐਕਸੀਡੈਂਟ ਹੋ ਗਿਆ। ਇਸ ਦੁਖਦ ਘਟਨਾ ਵਿਚ ਭਾਰਤੀ ਫੌਜ ਦੇ 16 ਜਵਾਨਾਂ ਨੇ ਆਪਣੀ ਜਾਨ ਗੁਆਈ ਹੈ। ਫੌਜ ਨੇ ਕਿਹਾ ਕਿ ਦੁਰਘਟਨਾਗ੍ਰਸਤ ਵਾਹਨ ਤਿੰਨ ਵਾਹਨਾਂ ਦੇ ਕਾਫਲੇ ਦਾ ਹਿੱਸਾ ਸੀ ਜੋ ਚਟਨ ਤੋਂ ਸਵੇਰੇ ਥੰਗੂ ਵੱਲ ਜਾ ਰਿਹਾ ਹੀ। ਜੇਮਾ ਦੇ ਰਸਤੇ ਵਿਚ ਵਾਹਨ ਇਕ ਮੋੜ ‘ਤੇ ਸਲਿੱਪ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗਾ। ਹਾਦਸੇ ਦੇ ਬਾਅਦ ਬਚਾਅ ਮੁਹਿੰਮ ਤੁਰੰਤ ਸ਼ੁਰੂ ਕੀਤੀ ਗਈ ਤੇ ਚਾਰ ਜ਼ਖਮੀ ਫੌਜੀਆਂ ਨੂੰ ਹਵਾਈ ਰਸਤੇ ਤੋਂ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਭਾਰਤੀ ਫੌਜ ਨੇ ਕਿਹਾ ਕਿ ਤਿੰਨ ਜੂਨੀਅਰ ਕਮਿਸ਼ਨਡ ਅਧਿਕਾਰੀ ਤੇ 13 ਫੌਜੀ ਹਾਦਸੇ ਵਿਚ ਸ਼ਹੀਦ ਹੋ ਗਏ। ਇਸ ਦੁੱਖ ਦੀ ਘੜੀ ਵਿਚ ਭਾਰਤੀ ਫੌਜ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ। ਨਾਰਥ ਸਿੱਕਮ ਬੇਹੱਦ ਹੀ ਖਤਰਨਾਕ ਇਲਾਕਾ ਹੈ। ਇਹ ਇਲਾਕਾ ਇਨ੍ਹੀਂ ਦਿਨੀਂ ਪੂਰੀ ਬਰਫ ਨਾਲ ਢੱਕਿਆ ਹੁੰਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਕਿ ਉੱਤਰੀ ਸਿੱਕਮ ਵਿਚ ਇਕ ਸੜਕ ਦੁਰਘਟਨਾ ਕਾਰਨ ਭਾਰਤੀ ਫੌਜ ਦੇ ਜਵਾਨਾਂ ਦੀ ਜਾਨ ਜਾਣ ਨਾਲ ਡੂੰਘਾ ਦੁੱਖ ਹੋਇਆ। ਪੀੜਤ ਪਰਿਵਾਰ ਨਾਲ ਮੇਰੀ ਪੂਰੀ ਹਮਦਰਦੀ ਹੈ, ਜੋ ਫੌਜੀ ਜ਼ਖਮੀ ਹਨ ਉਨ੍ਹਾਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਾਂ।