ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਵਿੱਚ ਕੁਝ ਲੋਕਾਂ ਵੱਲੋਂ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਮ੍ਰਿਤਕ ਦੇਹਾਂ ਦਾ ਆਪਸ ’ਚ ਬਦਲਣ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸਲੇਮ ਟੱਬਰੀ ਦੇ ਰਹਿਣ ਵਾਲੇ ਰਿਸ਼ਮ ਸੂਦ ਦੀ ਮੌਤ ਬਿਮਾਰੀ ਨਾਲ ਹੋਈ ਸੀ। ਮ੍ਰਿਤਕ ਦੇਹ ਨੂੰ ਮੋਰਚਰੀ ’ਚ ਰੱਖਿਆ ਗਿਆ ਸੀ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਡਾਕਟਰਾਂ ਵੱਲੋਂ ਮ੍ਰਿਤ ਦੇਹ ਨੂੰ ਕਿਸੇ ਨੂੰ ਸੌਂਪ ਦਿੱਤੀ ਜਿਸ ਤੋਂ ਬਾਅਦ ਕਿਸੇ ਹੋਰ ਪਰਿਵਾਰ ਨੇ ਅੰਤਿਮ ਸਸਕਾਰ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭੜਕ ਗਏ ਅਤੇ ਉਨ੍ਹਾਂ ਵੱਲੋਂ ਹਸਪਤਾਲ ਚ ਭੰਨਤੋੜ ਕੀਤੀ ਗਈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰਾਂ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਮ੍ਰਿਤਕਾਂ ਦੇਹਾਂ ਦੇ ਆਪਸ ਵਿੱਚ ਬਦਲਣ ਦਾ ਮਾਮਲਾ ਹੈ ਜਿਸ ਨੂੰ ਲੈ ਕੇ ਦੋਵੇਂ ਪਰਿਵਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਆਪਣਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ ਹੈ, ਪਰ ਦੂਜੇ ਪਰਿਵਾਰ ਵੱਲੋਂ ਇਹ ਇਲਜਾਮ ਲਗਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਗਮਲਿਆਂ ਅਤੇ ਆਕਸੀਜਨ ਸਲੰਡਰ ਨਾਲ਼ ਭੰਨ-ਤੋੜ ਕੀਤੀ ਗਈ ਹੈ। ਪਰਿਵਾਰਕ ਮੈਂਬਰ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।