ਜਗਰਾਉਂ ਨੇੜਲੇ ਪਿੰਡ ਲੱਖਾ ਦੇ ਚਾਰ ਨੌਜਵਾਨ ਜਨਮ ਦਿਨ ਮਨਾਉਣ ਲਈ ਘਰੋਂ ਗਏ ਪਰ ਰਾਹ ਵਿਚ ਉਹ ਜ਼ੈੱਨ ਕਾਰ ਸਮੇਤ ਡੱਲਾ ਨਹਿਰ ਵਿਚ ਜਾ ਡਿੱਗੇ। ਨਹਿਰ ਵਿਚ ਰੁੜ੍ਹੇ ਜਾ ਰਹੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਬਚਾਅ ਲਿਆ ਜਦ ਕਿ ਦੋ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ ਗਿਆਰਾਂ ਵਜੇ ਦੇ ਕਰੀਬ ਵਾਪਰੀ, ਜਦੋਂ ਦਿਲਪ੍ਰੀਤ ਸਿੰਘ (23) ਪੁੱਤਰ ਹਰਦੇਵ ਸਿੰਘ ਆਪਣਾ ਜਨਮ ਦਿਨ ਮਨਾਉਣ ਲਈ ਤਿੰਨ ਦੋਸਤਾਂ ਸਤਨਾਮ ਸਿੰਘ, ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਜ਼ੈੱਨ ਕਾਰ ’ਤੇ ਸਵਾਰ ਹੋ ਕੇ ਪਿੰਡੋਂ ਪਾਰਟੀ ਕਰਨ ਗਿਆ। ਚਾਰੇ ਦੋਸਤ ਪਾਰਟੀ ਕਰਨ ਮਗਰੋਂ ਵਾਪਸ ਆ ਰਹੇ ਸਨ ਤਾਂ ਤਿੱਖੇ ਮੋੜ ਕਾਰਨ ਬੇਕਾਬੂ ਹੋਈ ਕਾਰ ਸਿੱਧੀ ਨਹਿਰ ਵਿੱਚ ਜਾ ਡਿੱਗੀ। ਜਾਣਕਾਰੀ ਮੁਤਾਬਕ ਕਾਰ ਨੂੰ ਖੁਦ ਦਿਲਪ੍ਰੀਤ ਚਲਾ ਰਿਹਾ ਸੀ ਤੇ ਸਤਨਾਮ ਸਿੰਘ ਉਸ ਦੇ ਨਾਲ ਅੱਗੇ ਵਾਲੀ ਸੀਟ ’ਤੇ ਬੈਠਾ ਸੀ। ਪਾਣੀ ਵਿੱਚ ਡਿੱਗਣ ਸਮੇਂ ਦਿਲਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਵੀ ਇਕ ਵਾਰ ਕਾਰ ’ਚੋਂ ਬਾਹਰ ਨਿਕਲ ਆਏ ਸਨ ਪਰ ਉਹ ਪਾਣੀ ਵਿੱਚ ਰੁੜ੍ਹ ਗਏ। ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਪਿੱਛੇ ਬੈਠੇ ਸਨ ਤੇ ਉਹ ਕਾਰ ਉਤੇ ਚੜ੍ਹਨ ’ਚ ਸਫ਼ਲ ਹੋ ਗਏ। ਦੋਵਾਂ ਨੇ ਮਦਦ ਲਈ ਕਾਫ਼ੀ ਰੌਲਾ ਪਾਇਆ, ਜਿਸ ਨੂੰ ਸੁਣ ਕੇ ਪਿੰਡ ਡੱਲਾ ਦੇ ਕੁਝ ਨੌਜਵਾਨ ਤੇ ਹੋਰ ਲੋਕ ਮੌਕੇ ’ਤੇ ਪੁੱਜੇ। ਕਾਫ਼ੀ ਮੁਸ਼ੱਕਤ ਮਗਰੋਂ ਦਿਲਪ੍ਰੀਤ ਸਿੰਘ ਦੀ ਲਾਸ਼ 13 ਕਿਲੋਮੀਟਰ ਦੂਰ ਪਿੰਡ ਦੌਧਰ ਨੇੜੇ ਡਾਂਗੀਆਂ ਪੁਲ ਥੱਲਿਓਂ ਬਰਾਮਦ ਹੋਈ, ਜਦ ਕਿ 27 ਸਾਲਾ ਸਤਨਾਮ ਸਿੰਘ ਦੀ ਭਾਲ ਜਾਰੀ ਹੈ।