ਚੰਡੀਗੜ੍ਹ-ਲੁਧਿਆਣਾ ਹਾਈਵੇ ‘ਤੇ ਮਰੀ ਗਾਂ ਕਾਰਨ ਵਾਪਰਿਆ ਭਿਆਨਕ ਹਾਦਸਾ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ

ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਸੇ ਤਰ੍ਹਾਂ ਇੱਕ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਸ਼ਾਮ ਲੁਧਿਆਣਾ-ਚੰਡੀਗੜ੍ਹ ਮਾਰਗ ‘ਤੇ ਇੱਕ ਮਰੀ ਹੋਈ ਅਵਾਰਾ ਗਾਂ ਦੀ ਵਜ੍ਹਾ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ । ਇਸ ਹਾਦਸੇ ਵਿੱਚ ਬੁੱਢੇਆਲ ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਅਮਿੰਦਰਪਾਲ ਸਿੰਘ ਦਿਲਾਵਰੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਮਿੰਦਰਪਾਲ ਆਪਣੇ ਘਰ ਮੋਹਾਲੀ ਤੋਂ ਬੁੱਢੇਵਾਲ ਸ਼ੂਗਰ ਮਿੱਲ ਜਾ ਰਿਹਾ ਸੀ ਤੇ ਰਸਤੇ ਵਿੱਚ ਉਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਮੌਕੇ ‘ਤੇ ਮੌਜੂਦ ਰਣਜੀਤ ਕੌਰ ਵਾਸੀ ਸਮਰਾਲਾ ਨੇ ਦੱਸਿਆ ਉਹ ਚੰਡੀਗੜ੍ਹ ਤੋਂ ਸਮਰਾਲਾ ਵਿਖੇ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕੇ ਮਰੀ ਹੋਈ ਗਾਂ ਦੇ ਨਾਲ ਇੱਕ ਕਾਰ ਟਕਰਾਈ। ਇਸ ਤੋਂ ਬਾਅਦ ਕਾਰ ਨੇ 3-4 ਪਲਟੀਆ ਖਾਧੀਆਂ । ਉਨ੍ਹਾਂ ਦੱਸਿਆ ਕਿ ਜ਼ਖਮੀ ਅਮ੍ਰਿੰਦਰਪਾਲ ਨੂੰ ਕਾਰ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਲੋਕਨ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਕਿਹਾ ਗਿਆ, ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਮ੍ਰਿੰਦਰਪਾਲ ਨੂੰ ਸਮੇਂ ‘ਤੇ ਹਸਪਤਾਲ ਲਿਆਂਦਾ ਜਾਂਦਾ ਤਾਂ ਉਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਸੀ। ਸਰਕਾਰੀ ਹਸਪਤਾਲ ਦੀ ਡਾਕਟਰ ਨੇ ਦੱਸਿਆ ਅਮਿੰਦਰਪਾਲ ਸਿੰਘ ਦੀ ਮੌਤ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਹੋ ਗਈ ਸੀ । ਫਿਲਹਾਲ ਉਸ ਦੀ ਮ੍ਰਿਤਕ ਦੇਹ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ।

Leave a Reply

Your email address will not be published. Required fields are marked *