ਤੇਜ਼ ਰਫ਼ਤਾਰ ਕਾਰ ਡੂੰਘੇ ਛੱਪੜ ਵਿੱਚ ਡਿੱਗੀ, ਚਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ

ਯੂਪੀ ਦੇ ਹਾਪੁੜ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਕਪੂਰਪੁਰ ਥਾਣਾ ਖੇਤਰ ਦੇ ਸਮਾਣਾ ਕਸਬਾ ਦੇ ਬਾਹਰ ਪਿੰਡ ਕੋਲ ਇੱਕ ਕਾਰ ਡੂੰਘੇ ਛੱਪੜ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਚਾਰੇ ਨੌਜਵਾਨ ਨੋਇਡਾ ‘ਚ ਕੰਮ ਕਰਕੇ ਘਰ ਪਰਤ ਰਹੇ ਸਨ। ਇਸ ਦੌਰਾਨ ਪਿੰਡ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਕਾਰ ਬੇਕਾਬੂ ਹੋ ਕੇ ਛੱਪੜ ਵਿੱਚ ਜਾ ਡਿੱਗੀ। ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੰਦ ਹੋ ਗਏ ਜਿਸ ਕਾਰਨ ਚਾਰੇ ਨੌਜਵਾਨ ਬਾਹਰ ਨਹੀਂ ਨਿਕਲ ਸਕੇ ਅਤੇ ਉਹ ਪਾਣੀ ਵਿੱਚ ਡੁੱਬ ਗਏ। ਘਟਨਾ ਬਾਰੇ ਪਿੰਡ ਵਾਸੀਆਂ ਨੂੰ ਵੀਰਵਾਰ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਉਨ੍ਹਾਂ ਨੇ ਛੱਪੜ ਵਿੱਚ ਕਾਰ ਦੇ ਪਹੀਏ ਵੇਖੇ। ਜਦੋਂ ਪਿੰਡ ਵਾਸੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਾਰ ਨੂੰ ਬਾਹਰ ਕੱਢਿਆ, ਜਿਸ ਵਿੱਚ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਕਈ ਘੰਟੇ ਤੱਕ ਲਾਸ਼ਾਂ ਨੂੰ ਚੁੱਕਣ ਨਹੀਂ ਦਿੱਤਾ ਅਤੇ ਡੀਐਮ ਨੂੰ ਮੌਕੇ ‘ਤੇ ਬੁਲਾਉਣ ਦੀ ਮੰਗ ‘ਤੇ ਅੜੇ ਰਹੇ। ਜਿਸ ਤੋਂ ਬਾਅਦ ਹਾਪੁੜ ਦੇ ਡੀਐਮ ਅਤੇ ਐਸਪੀ ਮੌਕੇ ‘ਤੇ ਪਹੁੰਚੇ ਅਤੇ ਪਿੰਡ ਵਾਸੀਆਂ ਨੂੰ ਸਮਝਾ ਕੇ ਸ਼ਾਂਤ ਕੀਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਛੱਪੜ ਵਿੱਚ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਛੱਪੜ ਦੇ ਨੇੜੇ ਰੇਲਿੰਗ ਲਗਾਈ ਜਾਵੇ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਮੁਆਵਜ਼ਾ ਦੇਵੇ। ਡੀਐਮ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀ ਸਹਿਮਤ ਹੋ ਗਏ। ਹਾਲਾਂਕਿ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਮੌਕੇ ‘ਤੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *