ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ CM ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੈਪਟਨ ਭਾਵੇਂ ਵੱਡੇ-ਵੱਡੇ ਦਾਅਵੇ ਕਰਦੇ ਰਹਿਣ ਪਰ ਜੇਕਰ ਉਨ੍ਹਾਂ ਨੇ ਪਟਿਆਲਾ ਸ਼ਹਿਰ ਦੇ ਅੰਦਰ ਕੰਮ ਕਰਵਾਏ ਹੁੰਦੇ ਤਾਂ ਉਹ ਹਾਰਦੇ ਨਾ। ਉਨ੍ਹਾਂ ਨੂੰ ਸਾਡੇ ਨੌਜਵਾਨ ਤੇ ਪੜ੍ਹੇ-ਲਿਖੇ ਕਾਬਲ ਅਜੀਤ ਪਾਲ ਸਿੰਘ ਕੋਹਲੀ ਨੇ ਪਟਿਆਲਾ ਤੋਂ ਕਰਾਰੀ ਹਾਰ ਦਿੱਤੀ। ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਮੇਂ ਹੋਏ ਕੰਮਾਂ ਦੀ ਵਿਜੀਲੈਂਸ ਜਾਂਚ ਦਾ ਐਲਾਨ ਕੀਤਾ ਹੈ। ਪ੍ਰੋਗਰਾਮ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਤੇ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੋਟਿਸ ਲੈ ਕੇ ਪਟਿਆਲਾ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਹੋਏ ਘਪਲਿਆਂ ਦੀ ਜਾਂਚ ਲਈ ਸੀਐੱਮ ਦੀ ਸਟੇਜ ‘ਤੇ ਆ ਗਏ ਤੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜਾਂਚ ਦਾ ਮੰਗ ਪੱਤਰ ਸੌਂਪਿਆ। ਇਸ ਤੋਂ ਇਲਾਵਾ ਕੁਝ ਕੌਂਸਲਰ ਜਿਨ੍ਹਾਂ ਵਿਚ ਕ੍ਰਿਸ਼ਨ ਚੰਦ ਬੁੱਧੂ ਤੇ ਹੋਰ ਹਨ, ਨੇ ਵੀ ਉਨ੍ਹਾਂ ਨੂੰ ਇਕ ਅਰਜ਼ੀ ਭੇਜ ਕੇ ਘਪਲਿਆਂ ਵਿਚ ਵਿਜੀਲੈਂਸ ਦੀ ਜਾਂਚ ਮੰਗੀ ਹੈ। CM ਮਾਨ ਨੇ ਕਿਹਾ ਕਿ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਯੋਗਿੰਦਰ ਸਿੰਘ ਯੋਗੀ ਦਾ ਉਹ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਹ ਦਲੇਰੀ ਦਿਖਾਈ ਕਿ ਜੋ ਕੰਮ ਹੋਏ ਹਨ, ਉਨ੍ਹਾਂ ਦੀ ਵਿਜੀਲੈਂਸ ਜਾਂਚ ਹੋਵੇ ਕਿਉਂਕਿ ਇਥੇ ਬਹੁਤ ਵੱਡੇ-ਵੱਡੇ ਘਪਲੇ ਹੋਏ ਹਨ। ਉਨ੍ਹਾਂ ਕਿਹਾ ਕਿ ਹਰ ਹਾਲਤ ਵਿਚ ਵਿਜੀਲੈਂਸ ਜਾਂਚ ਹੋਵੇਗੀ ਤੇ ਪਟਿਆਲਾ ਵਾਸੀਆਂ ਨੂੰ ਇਕ-ਇਕ ਪੈਸੇ ਦਾ ਹਿਸਾਬ ਦੇਣਾ ਹੋਵੇਗਾ।