ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਨੀਵਾਰ ਨੂੰ ਤੜਕਸਾਰ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅਚਨਚੇਤ ਟਰੱਕਾਂ ਦੀ ਚੈਕਿੰਗ ਕੀਤੀ। ਉਨ੍ਹਾਂ ਦੇ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਵੀ ਸਨ। ਵਿੱਤ ਮੰਤਰੀ ਨੇ ਸੂਬੇ ‘ਚ ਆ ਰਹੇ ਅਤੇ ਜਾ ਰਹੇ ਟਰੱਕਾਂ ਦੀ ਚੈਕਿੰਗ ਕਰ ਕੇ ਜੀ. ਐੱਸ. ਟੀ. ਚੋਰੀ ਦੀ ਚੈਕਿੰਗ ਕੀਤੀ। ਦਰਅਸਲ ਉਹ ਆਪਣੇ ਹਲਕੇ ‘ਚ ਜਾ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਜੀ. ਐੱਸ. ਟੀ. ਚੋਰੀ ਹੋਣ ਬਾਰੇ ਸ਼ਿਕਾਇਤਾਂ ਮਿਲੀਆਂ ਤਾਂ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਨਾਲ ਲੈ ਕੇ ਰੇਡ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਕੁੱਝ ਟਰੱਕਾਂ ਵਾਲਿਆਂ ਕੋਲ ਲੱਦੇ ਸਾਮਾਨ ਦੇ ਬਿੱਲ ਹੀ ਨਹੀਂ ਹਨ। ਅਜਿਹਾ ਹੀ ਇਕ ਟਰੱਕ ਕਬਾੜ ਦਾ ਸਾਮਾਨ ਲੈ ਕੇ ਜਾ ਰਿਹਾ ਸੀ, ਜਿਸ ਕੋਲ ਕੋਈ ਬਿੱਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਟਰੱਕਾਂ ਵਾਲਿਆਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਅਤੇ ਉਨ੍ਹਾਂ ਨੂੰ ਬਣਦਾ ਜੁਰਮਾਨਾ ਲਗਾਇਆ ਗਿਆ ਤੇ ਅੱਗੇ ਵੀ ਲਗਾਇਆ ਜਾਵੇਗਾ। ਇਕ ਅੰਦਾਜ਼ੇ ਮੁਤਾਬਕ ਅਜਿਹੇ ਡਿਫਾਲਟਰਾਂ ਨੂੰ 10 ਤੋਂ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹਰਪਾਲ ਚੀਮਾ ਨੇ ਦੱਸਿਆ ਕਿ ਕੁੱਝ ਟਰੱਕ ਵਾਲਿਆਂ ਦੇ ਸਾਰੇ ਦਸਤਾਵੇਜ਼ ਪੂਰੇ ਸਨ ਤੇ ਉਹ ਹੁਕਮਾਂ ਦੀ ਪਾਲਣਾ ਕਰ ਰਹੇ ਹਨ।